Site icon Sikh Siyasat News

ਅਕਾਲੀ ਦਲ ਦੇ ਦੋ ਸੰਵਿਧਾਨ; ਹੁਸ਼ਿਆਸਪੁਰ ਦੀ ਅਦਾਲਤ ਵਲੋਂ 15 ਸਤੰਬਰ ਤਕ ਦਲ ਦਾ ਰਿਕਾਰਡ ਤਲਬ

ਹੁਸ਼ਿਆਰਪੁਰ: ਜੁਡੀਸ਼ਲ ਮੈਜਿਸਟਰੇਟ (ਦਰਜਾ ਅੱਵਲ) ਗੁਰਸ਼ੇਰ ਸਿੰਘ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਦੋ ਸੰਵਿਧਾਨ ਰੱਖਣ ਸਬੰਧੀ ਮਾਮਲੇ ਦੀ ਸੁਣਵਾਈ ਕਰਦਿਆਂ ਪਾਰਟੀ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਨੂੰ 15 ਸਤੰਬਰ ਨੂੰ ਪਾਰਟੀ ਦਾ ਕਾਰਵਾਈ ਰਜਿਸਟਰ, ਜਿਸ ਵਿੱਚ 1974 ਦਾ ਪੁਰਾਣਾ ਵਿਧਾਨ, ਭਾਰਤ ਦੇ ਚੋਣ ਕਮਿਸ਼ਨ ਨੂੰ 1989 ਵਿੱਚ ਦਿੱਤਾ ਧਰਮ ਨਿਰਪੱਖ ਹੋਣ ਦਾ ਹਲਫ਼ਨਾਮਾ ਅਤੇ 2004 ਵਿੱਚ ਪਾਸ ਕੀਤਾ ਨਵਾਂ ਵਿਧਾਨ, ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

ਹੁਸ਼ਿਆਰਪੁਰ ਅਦਾਲਤ ’ਚੋਂ ਪੇਸ਼ੀ ਭੁਗਤ ਕੇ ਬਾਹਰ ਆਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਚਰਨਜੀਤ ਸਿੰਘ ਬਰਾੜ

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਕਮੇਟੀ ਦੇ ਸਾਰੇ ਮੈਂਬਰਾਂ ਵਿਰੁੱਧ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਨੇ ਧੋਖਾਧੜੀ, ਜਾਅਲਸਾਜ਼ੀ ਅਤੇ ਸਾਜ਼ਿਸ਼ ਰਚਣ ਦਾ ਕੇਸ ਦੋ ਫਰਵਰੀ 2009 ਨੂੰ ਦਾਇਰ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਚੋਣ ਕਮਿਸ਼ਨ ਸਾਹਮਣੇ ਇਹ ਹਲਫ਼ਨਾਮਾ ਦੇ ਕੇ ਮਾਨਤਾ ਪ੍ਰਾਪਤ ਕੀਤੀ ਸੀ ਕਿ ਇਹ ਪਾਰਟੀ ਸੰਵਿਧਾਨ ਦੀਆਂ ਧਰਮ ਨਿਰਪੱਖ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਪਾਲਣਾ ਕਰੇਗੀ ਜਦੋਂਕਿ ਇਹ ਸਿੱਖਾਂ ਦੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਲਗਾਤਾਰ ਭਾਗ ਲੈ ਰਹੀ ਹੈ। ਇਸ ਸਬੰਧੀ ਅਦਾਲਤ ਨੇ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੂੰ ਰਿਕਾਰਡ ਲੈ ਕੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ।

ਬਰਾੜ ਨੇ ਪਿਛਲੀ ਪੇਸ਼ੀ ਦੌਰਾਨ ਇਹ ਦਰਖਾਸਤ ਦਿੱਤੀ ਸੀ ਕਿ ਕਿਉਂਕਿ ਅਜਿਹਾ ਹੀ ਇਕ ਕੇਸ ਦਿੱਲੀ ਹਾਈ ਕੋਰਟ ਵਿਚ ਚੱਲ ਰਿਹਾ ਹੈ ਅਤੇ ਰਿਕਾਰਡ ਦਿੱਲੀ ਪਿਆ ਹੈ ਜਿਸ ਕਰਕੇ ਸਥਾਨਕ ਅਦਾਲਤ ਵਿਚ ਇਹ ਪੇਸ਼ ਨਹੀਂ ਕੀਤਾ ਜਾ ਸਕਦਾ। ਸੋਮਵਾਰ ਨੂੰ ਵੀ ਉਨ੍ਹਾਂ ਇਹੀ ਦਰਖਾਸਤ ਦਿੱਤੀ ਪਰ ਅਦਾਲਤ ਨੇ ਇਹ ਖਾਰਜ ਕਰ ਦਿੱਤੀ ਅਤੇ ਆਦੇਸ਼ ਦਿੱਤਾ ਕਿ 15 ਸਤੰਬਰ ਨੂੰ ਲੋੜੀਂਦਾ ਸਾਰਾ ਰਿਕਾਰਡ ਪੇਸ਼ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version