ਆਮ ਖਬਰਾਂ

ਅਜਮੇਰ ਸਿੰਘ ਲੱਖੋਵਾਲ ਕਿਸਾਨਾਂ ਦੇ ਜਖ਼ਮਾਂ ’ਤੇ ਲੂਣ ਨਾ ਛਿੜਕਣ: ਅਕਾਲੀ ਦਲ ਅੰਮ੍ਰਿਤਸਰ

By ਸਿੱਖ ਸਿਆਸਤ ਬਿਊਰੋ

February 22, 2016

ਚੰਡੀਗੜ (21 ਫਰਵਰੀ, ਮੇਜਰ ਸਿੰਘ): ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਮੰਡੀ ਬੋਰਡ ਦੇ ਚੇਅਰਮੈਨ ਹੁੰਦਿਆਂ ਅਜਮੇਰ ਸਿੰਘ ਲੱਖੋਵਾਲ ਨੇ ਧਰਨਾ ਲਗਾਕੇ ਕਿਸਾਨਾਂ ਦੇ ਅੱਲੇ ਜਖ਼ਮਾਂ ਤੇ ਲੂਣ ਛਿੜਕਿਆ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਚੰਡੀਗੜ ਦੇ ਪ੍ਰਧਾਨ ਗੋਪਾਲ ਸਿੰਘ ਝਾੜੋਂ ਨੇ ਪ੍ਰੈਸ ਨੂੰ ਜਾਰੀ ਪ੍ਰੈਸ ਨੋਟ ਵਿਚ ਕੀਤਾ।

ਉਨਾਂ ਕਿਹਾ ਕਿ ਲੱਖੋਵਾਲ ਨੇ ਦੋ-ਦੋ ਅਹੁੱਦਿਆਂ ’ਤੇ ਹੁੰਦਆਂ ਕਿਸਾਨਾਂ ਨੂੰ ਭੰਬਲਭੂਸੇ ਵਿਚ ਪਾ ਕੇ ਆਪਣੀ ਮਿਲੀ ਸਰਕਾਰੀ ਆਪਣੀ ਮਿਲੀ ਸਰਕਾਰੀ ਕੁਰਸੀ ਦਾ ਮੋਹ ਭੰਗ ਨਹੀਂ ਕੀਤਾ । ਝਾੜੋਂ ਨੇ ਲੱਖੋਵਾਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਿਲੀ ਭੁਗਤ ਨਾਲ ਪਹਿਲਾਂ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੇ ਲਈ ਧਰਨਾਂ ਲਵਾ ਦਿੱਤਾ ਅਤੇ ਮਗਰੋਂ ਸਿਆਸੀ ਚਾਲ ਚਲਦਿਆਂ ਕਿਸਾਨਾਂ ’ਤੇ ਪੁਲਿਸ ਤੋਂ ਪਾਣੀ ਦੀਆਂ ਬੁਛਾੜਾਂ ਰਾਹੀਂ ਅੰਨਾਂ ਤਸ਼ਦਦ ਕਰਵਾਇਆ ਅਤੇ ਮਗਰੋਂ ਮਗਰਮੱਛ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ।

ਗੋਪਾਲ ਸਿੰਘ ਝਾੜੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਮੰਗ ਕਰਦਾ ਹੈ ਕਿ ਸ. ਲੱਖੋਵਾਲ ਮੰਡੀ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ ਕਿਸਾਨਾਂ ਨੂੰ ਧਰਨੇ ਵੱਲ ਕਿਊਂ ਪ੍ਰੇਰਿਆ ਹੈ ਉਹ ਸਿੱਧਾ ਪੰਜਾਬ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਕਿਊਂ ਨਹੀਂ ਮਨਵਾ ਲੈਂਦੇ। ਉਨਾਂ ਕਿਹਾ ਕਿ ਸ. ਅਜਮੇਰ ਸਿੰਘ ਲੱਖੋਵਾਲ ਨੂੰ ਅਜਿਹੇ ਡਰਾਮੇ ਬੰਦ ਕਰ ਦੇਣੇ ਚਾਹੀਦੇ ਹਨ ਨਹੀਂ ਤਾਂ ਭਵਿਖ ਵਿਚ ਨਿਕਲਣ ਵਾਲੇ ਗੰਭੀਰ ਸਿੱਟਿਆਂ ਦੇ ਜਿੰਮੇਂਵਾਰ ਉਹ ਅਤੇ ਉਨਾਂ ਦੀ ਸਰਕਾਰ ਹੋਵੇਗੀ ਨਾ ਕਿ ਕਿਸਾਨ ਹੋਣਗੇ।

ਇਸ ਮੌਕੇ ਉਨਾਂ ਦੇ ਨਾਲ ਐਸ. ਏ. ਐਸ ਨਗਰ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਰਾਮਪੁਰਾ, ਦਲਜੀਤ ਸਿੰਘ ਕੁੰਭੜਾ ਅਤੇ ਯੂਥ ਆਗੂ ਕੁਲਦੀਪ ਸਿੰਘ ਗੜਗੱਜ ਅਤੇ ਸੁਖਵਿੰਦਰ ਸਿੰਘ ਭਾਟੀਆ ਮੋਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: