ਅੰਮਿ੍ਤਸਰ ( 1 ਜੁਲਾਈ 2014): ਹਰਿਆਣਾ ਦੀ ਵੱਖਰੀ ਕਮੇਟੀ ਦੇ ਮਸਲੇ ਨੂੰ ਸੁਲਝਾਉਣ ਲਈ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਦਾ ਸਰੂਪ ਬਰਕਰਾਰ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਕੱਲ੍ਹ 2 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਬੁਲਾਇਆ ਹੈ ਜੋ ਹਰਿਆਣਾ ‘ਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਮੰਗ ਕਰ ਰਹੇ ਹਨ ।
ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਦਾ ਪੱਤਰ ਹਰਿਆਣਾ ਦੇ ਸਿੱਖ ਆਗੂਆਂ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ, ਭਾਈ ਅਪਾਰ ਸਿੰਘ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਹਰਮਨਪ੍ਰੀਤ ਸਿੰਘ ਕੁਰੂਕਸ਼ੇਤਰ ਨੂੰ ਭੇਜੇ ਹਨ, ਅਤੇ ਉਨ੍ਹਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਜੱਥੇਦਾਰ ਵੱਲੋਂ 10 ਵਜੇ ਦਾ ਮਾਂ ਨਿਸ਼ਚਿਤ ਕੀਤਾ ਹੈ।
ਅਜੀਤ ਅਖ਼ਬਾਰ ਅਨੁਸਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥਕ ਹਿੱਤਾਂ ‘ਚ ਜ਼ੋਰ ਦਿੱਤਾ ਜਾਵੇਗਾ ਕਿ ਉਹ ਆਪਣੀ ਇਸ ਮੰਗ ਦਾ ਤਿਆਗ ਕਰਕੇ ਗੱਲਬਾਤ ਕਰਨ ਤਾਂ ਜੋ ਅਥਾਹ ਕੁਰਬਾਨੀਆਂ ਨਾਲ ਬਣੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਬਰਕਰਾਰ ਰੱਖਿਆ ਜਾ ਸਕੇ ।
ਇਸ ਮਸਲੇ ‘ਤੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਵਿਚਲਾ ਰਾਹ ਤਲਾਸ਼ਣ ਦੇ ਯਤਨ ਕਰ ਰਹੇ ਹਨ,ਜਿਸ ਨਾਲ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਸਰੂਪ ਵੀ ਬਰਕਰਾਰ ਰਹੇ ਅਤੇ ਹਰਿਆਣਾ ਦੇ ਸਿੱਖਾਂ ਦੀਆਂ ਮੰਗਾਂ ਸਬੰਧੀ ਵੀ ਉਨ੍ਹਾਂ ਦੀ ਸੰਤੁਸ਼ਟੀ ਕਰਵਾਉਦਾ ਕੋਈ ਫੈਸਲਾ ਲਿਆ ਜਾ ਸਕੇ।
ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜੇਕਰ ਉਕਤ ਸਿੱਖ ਆਗੂ ਭਰਵਾਂ ਹੁੰਗਾਰਾ ਨਹੀਂ ਭਰਦੇ ਤਾਂ ਸਿੰਘ ਸਾਹਿਬਾਨ ਇਸ ਸਬੰਧੀ ਅਗਲਾ ਫੈਸਲਾ ਲੈਣਗੇ ।ਇਸ ਮੀਟਿੰਗ ‘ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ੍ਹ ਸਿੰਘ ਨੂੰ ਵੀ ਸੱਦਿਆ ਗਿਆ ਹੈ ।