ਵੱਖਰੀ ਹਰਿਆਣਾ ਕਮੇਟੀ ਦੇ ਮਾਮਲੇ ‘ਤੇ ਹਰਿਆਣਾ ਤੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਇੱਕ ਵਫ਼ਦ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਕਰਨਾਲ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ। ਇਸ ਵਫ਼ਦ ਵਿੱਚ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਮੈਂਬਰ ਬਲਦੇਵ ਸਿੰਘ ਕਾਇਮਪੁਰੀ (ਯਮੁਨਾ ਨਗਰ), ਹਿਸਾਰ ਤੋਂ ਬਲਦੇਵ ਸਿੰਘ ਖ਼ਾਲਸਾ ਤੇ ਬੀਬੀ ਅਮਰਜੀਤ ਕੌਰ, ਯਮੁਨਾ ਨਗਰ ਤੋਂ ਬੀਬੀ ਮਨਜੀਤ ਕੌਰ, ਕੁਰੂਕਸ਼ੇਤਰ ਤੋਂ ਹਰਭਜਨ ਸਿੰਘ ਮਸਾਣਾ, ਸਿਰਸਾ ਤੋਂ ਜਗਸੀਰ ਸਿੰਘ ਮਾਂਗੇਆਣਾ, ਕੈਥਲ ਤੋਂ ਅਮੀਰ ਸਿੰਘ, ਕਰਨਾਲ ਤੋਂ ਭੁਪਿੰਦਰ ਸਿੰਘ ਅਸੰਦ ਤੇ ਸ਼ਰਨਜੀਤ ਸਿੰਘ ਸ਼ਾਮਲ ਸਨ।
ਵਫ਼ਦ ਨੇ ਜਥੇਦਾਰ ਨੂੰ ਦੱਸਿਆ ਕਿ ਕੁਝ ਸਿੱਖ ਆਗੂ ਕਾਂਗਰਸ ਦੀ ਹੁੱਡਾ ਸਰਕਾਰ ਨਾਲ ਮਿਲੀਭੁਗਤ ਕਰਕੇ ਸ਼੍ਰੋਮਣੀ ਕਮੇਟੀ ਨੂੰ ਵੰਡਣ ਦਾ ਯਤਨ ਕਰ ਰਹੇ ਹਨ, ਜਿਸ ਤਹਿਤ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾ ਰਹੀ ਹੈ, ਜੋ ਕਿ ਪੰਥਕ ਹਿੱਤਾਂ ਲਈ ਨੁਕਸਾਨਦੇਹ ਹੈ।
ਇਸ ਮਾਮਲੇ ਸਬੰਧੀ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਹ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਕੁਝ ਵਿਅਕਤੀ ਚੌਧਰ ਦੀ ਖਾਤਰ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਅਤੇ ਵੰਡਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅਜਿਹੇ ਯਤਨ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਅਜਿਹੇ ਆਗੂਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਕਾਂਗਰਸ ਨਾਲ ਰਲ ਕੇ ਸਿੱਖਾਂ ਦੀ ਇਸ ਨੁਮਾਇੰਦਾ ਸੰਸਥਾ ਨੂੰ ਖੇਰੂੰ-ਖੇਰੂੰ ਨਾ ਕਰਨ। ਜੇਕਰ ਉਨ੍ਹਾਂ ਨੂੰ ਪ੍ਰਬੰਧ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਸਬੰਧ ਵਿੱਚ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਨ। ਜੇਕਰ ਉਨ੍ਹਾਂ ਸਿੱਖ ਸੰਸਥਾ ਨੂੰ ਵੰਡਣ ਦਾ ਯਤਨ ਕੀਤਾ ਤਾਂ ਪੰਥ ਉਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ।
ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਤੋਂ ਕਾਰਵਾਈ ਹੋਵੇਗੀ। ਕਾਂਗਰਸ ਨੂੰ ਸਿੱਖ ਵਿਰੋਧੀ ਪਾਰਟੀ ਆਖਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਵਿੱਚ ਉਥੋਂ ਦੇ ਸਿੱਖਾਂ ਦੇ ਬੱਚਿਆਂ ਵਾਸਤੇ ਮੈਡੀਕਲ ਕਾਲਜ ਦੀ ਇਮਾਰਤ ਉਸਾਰੀ ਗਈ ਹੈ, ਜਿਸ ਨੂੰ ਹੁਣ ਤੱਕ ਹੁੱਡਾ ਸਰਕਾਰ ਨੇ ‘ਕੋਈ ਇਤਰਾਜ਼ ਨਹੀਂ’ ਦਾ ਸਰਟੀਫਿਕੇਟ ਨਹੀਂ ਦਿੱਤਾ, ਜਿਸ ਕਾਰਨ ਇਹ ਸੰਸਥਾ ਸ਼ੁਰੂ ਨਹੀਂ ਹੋ ਸਕੀ ਹੈ।