ਅੰਮ੍ਰਿਤਸਰ: ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ 6 ਜੂਨ 1984 ਵੇਲੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਵਿਖੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸਮੂਹ ਸਿੰਘ, ਸਿੰਘਣੀਆਂ, ਬੱਚਿਆਂ, ਬਜ਼ੁਰਗਾਂ ਦੀ ਮਿੱਠੀ ਯਾਦ ਵਿੱਚ ਹੋ ਰਹੇ 33ਵੇਂ ਸ਼ਰਧਾਂਜਲੀ ਸਮਾਗਮ ਮੌਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ, ਪੀ.ਏ. ਰਸ਼ਪਾਲ ਸਿੰਘ ਸਮੇਤ ਸ਼ਹੀਦ ਹੋਏ ਸਮੂਹ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨਿਤ ਕੀਤਾ ਜਾਵੇਗਾ।
ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਸੁਪਰੀਮ ਕੌਂਸਲ ਮੈਂਬਰ ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ, ਪਰਮਿੰਦਰ ਸਿੰਘ ਢੀਂਗਰਾ, ਗਗਨਦੀਪ ਸਿੰਘ ਰਿਆੜ, ਸੁਖਵਿੰਦਰ ਸਿੰਘ ਦੀਨਾ ਨਗਰ, ਪ੍ਭਜੋਤ ਸਿੰਘ ਫਰੀਦਕੋਟ, ਬਲਬੀਰ ਸਿੰਘ ਫੁਗਲਾਣਾ, ਫੈਡਰੇਸ਼ਨ ਦੇ ਕਨਵੀਨਰ ਜਗਰੂਪ ਸਿੰਘ ਚੀਮਾ, ਫੈਡਰੇਸ਼ਨ ਔਰਤ ਵਿੰਗ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਸੰਧੂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰੇਕ ਸਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਦੇ ਪਰਿਵਾਰਾਂ ਦਾ ਸਨਮਾਨ ਅਕਾਲ ਤਖ਼ਤ ਸਾਹਿਬ ‘ਤੇ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪਰ ਮੁੱਖੀਆ ਦੀ ਅਗਵਾਈ ਵਿਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਨਾ ਵੀ ਬੇਹੱਦ ਜ਼ਰੂਰੀ ਹੈ ਇਸ ਕਰਕੇ ਫੈਡਰੇਸ਼ਨ ਨੇ ਸਮੂਹ ਸ਼ਹੀਦ ਪਰਿਵਾਰਾਂ ਨੂੰ 6 ਜੂਨ 2017 ਦਿਨ ਮੰਗਲਵਾਰ ਨੂੰ ਸਵੇਰੇ 6 ਵਜੇ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਤੋਂ ਫੈਡਰੇਸ਼ਨ ਵੱਲੋਂ ਕੱਢੇ ਜਾ ਰਹੇ ਪ੍ਰਭੂਸੱਤਾ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਮਾਰਚ ਸਵੇਰੇ 8 ਵਜੇ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇਗਾ ਜਿੱਥੇ ਸਮੂਹ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਕੀਤਾ ਜਾਵੇਗਾ।