ਅੰਮ੍ਰਿਤਸਰ( 31 ਅਕਤੂਬਰ, 2014): ਦਿੱਲੀ ਸਿੱਖ ਕਤਲੇਆਮ ਦੇ 30 ਸਾਲ ਵੀ ਬੀਤ ਜਾਣ ਤੋਂ ਬਾਅਦ ਵੀ ਪੀੜਤਾਂ ਨੂੰ ਇਨਸਾਫ ਨਾ ਦੇਣ ਦੇ ਵਿਰੋਧ ਵਿੱਚ ਕੱਲ 1 ਨਵੰਬਰ ਨੂੰ “ਸਿੱਖ ਕਤਲੇਆਮ ਦੀ 30ਵੀਂ ਵਰੇਗੰਢ” ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ “ਪੰਜਾਬ ਬੰਦ” ਨੂੰ ਪੂਰਨ ਹਮਾਇਤ ਦੇਣ ਦੀ ਬੇਨਤੀ ਕੀਤੀ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੂਨ ਸਿੱਖ ਕਤਲੇਆਮ ਦੇ ਹਜ਼ਾਰਾਂ ਪੀੜਤਾਂ ਅਤੇ ਸਮੁੱਚੇ ਪੰਜਾਬ ਵਾਸੀਆਂ ਨਾਲ ਸਵੇਰੇ 5 ਵਜੇ ਤੋਂ ਰੇਲਵੇ ਲਾਈਨਾਂ ਅਤੇ ਸੜਕਾਂ ਤੇ ਧਰਨੇ ਲਾਅ ਕੇ ਆਵਾਜਾਈ ਜ਼ਾਮ ਕਰਨਗੇ।ਉਨ੍ਹਾਂ ਨੇ ਲੋਕਾਂ ਨੂੰ ਇਸ ਦਿਨ ਸਫਰ ਨਾ ਕਰਨ ਅਤੇ ਆਪਣੇ ਕੰਮਾਂ ਕਾਰਾਂ ਨੂੰ ਅੱਗੇ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਅਸੀ ਆਮ ਵਿਅਕਤੀ ਨੂੰ ਕੋਈ ਤਕਲੀਫ ਨਹੀਂ ਪਹੁੰਚਾਉਣਾ ਚਾਹੁੰਦੇ, ਪਰ ਇਸਤੋਂ ਬਿਨ੍ਹਾਂ ਹੋਰ ਕੋਈ ਚਾਰਾ ਵੀ ਨਹੀਂ ਸੀ, ਕਿਉਂਕਿ ਸਰਕਾਰ ਸ਼ਾਡੀ ਅਵਾਜ ਨੂੰ ਅਣਗਲਿਆਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਰੋਸ ਵਿਖਾਵਾ ਕਿਸੇ ਇੱਕ ਫਿਰਕੇ ਦੇ ਖਿਲਾਫ ਨਹੀ, ਬਲਕਿ ਬੇ ਇਨਸਾਫੀ ਅਤੇ ਜ਼ੁਲਮ ਖਿਲਾਫ ਹੈ, ਜਿਸਦੀ ਹਰ ਇਨਸਾਫ ਪਸੰਦ ਵਿਅਕਤੀ ਨੂੰ ਹਮਾਇਤ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਵੱਖ-ਵੱਖ ਕੌਮਾਂ, ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਪੰਥਕ ਜੱਥੇਬੰਦੀਆਂ ਦੀ ਪੂਰਨ ਹਮਾਇਤ ਹਾਸਲ ਹੈ।