ਫਰੀਦਕੋਟ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ 7 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ ਸੁਖਪਾਲ ਸਿੰਘ ਖਹਿਰਾ ਦੇ ਸੱਦੇ ‘ਤੇ ਕੋਟਕਪੂਰਾ ਚੌਂਕ ਤੋਂ ਬਰਗਾੜੀ ਤੱਕ ਕੱਢੇ ਜਾ ਰਹੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਮਾਲਵਾ ਜੋਨ ਇੰਚਾਰਜ ਪ੍ਰਭਜੋਤ ਸਿੰਘ ਫਰੀਦਕੋਟ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਦੀਆਂ ਹਿਦਾਇਤਾਂ ਮੁਤਾਬਕ ਫੈਡਰੇਸ਼ਨ ਮਾਲਵਾ ਖੇਤਰ ਦੇ ਸਮੂਹ ਫੈਡਰੇਸ਼ਨ ਵਲੰਟੀਅਰ ਵੱਡੀ ਪੱਧਰ ‘ਤੇ ਇਸ ਮਾਰਚ ਵਿੱਚ ਸ਼ਾਮਲ ਹੋਣਗੇ।
ਉਹਨਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆ ਘਟਨਾਵਾ ਤੇ ਬਰਗਾੜੀ ਕਾਂਡ ਉਪਰ ਸਿਆਸਤ ਕਰਨ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਕਾਲ ਪੁਰਖ ਨੇ ਕਿਸੇ ਵੀ ਗੁਨਾਹਗਾਰ ਨੂੰ ਉਸ ਵਕਤ ਤੱਕ ਮੁਆਫ ਨਹੀ ਕਰਨਾ ਜਦ ਤੱਕ ਗੁਨਾਹਗਾਰ ਖੁਦ ਆਪਣੀ ਗਲਤੀ ਮੰਨ ਕੇ ਸਿੱਖ ਕੌਮ ਕੋਲੋਂੋ ਮੁਆਫੀ ਮੰਗਣ ਲਈ ਪੰਥ ਦੀ ਕਚਿਹਰੀ ਵਿੱਚ ਹਾਜਰ ਨਹੀ ਹੋ ਜਾਂਦਾ।
ਉਹਨਾ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਸੁਝਾਅ ਦਿੱਤਾ ਕਿ ਉਹ ਪੰਥਕ ਸੋਚ ਵਿਚਾਰ ਨਾਲ ਸਿੱਖ ਕੌਮ ਦੀਆਂ ਭਾਵਨਾਵਾ ਮੁਤਾਬਕ ਬਾਦਲ ਪਰਿਵਾਰ ਦਾ ਖਹਿੜਾ ਛੱਡ ਕੇ ਨਿਰੋਲ ਧਾਰਮਿਕ ਤੇ ਰਾਜਨੀਤਕ ਤੌਰ ‘ਤੇ 1920 ਵਾਲੀ ਪੰਥਪ੍ਰਸਤ ਸੋਚ ਵਾਲਾ ਸ੍ਰੋਮਣੀ ਅਕਾਲੀ ਦਲ ਬਣਾਉਣ। ਉਹਨਾ ਸਮੂਹ ਪੰਥਕ ਜਥੇਬੰਦੀਆਂ ਨੂੰ 7 ਅਕਤੂਬਰ ਨੂੰ ਕੋਟਕਪੂਰਾ ਵਿਖੇ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ।