ਆਮ ਖਬਰਾਂ

ਆਸ਼ੂਤੋਸ਼ ਮਾਮਲਾ: ਪੰਜਾਬ ਅਤੇ ਹਾਈਕੋਰਟ ਨੇ ਆਸ਼ੂਤੋਸ਼ ਦਾ ਅੰਤਿਮ ਸੰਸਕਾਰ 15 ਦਿਨਾਂ ਦੇ ਅੰਦਰ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਦਿੱਤੇ ਆਦੇਸ਼

By ਸਿੱਖ ਸਿਆਸਤ ਬਿਊਰੋ

December 02, 2014

ਚੰਡੀਗੜ੍ਹ ( 1 ਦਸੰਬਰ , 2014): ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐਮ.ਐਮ.ਐਸ. ਬੇਦੀ ਵਲੋਂ ਆਸ਼ੂਤੋਸ਼ ਦੇ ਪੁੱਤਰ ਦਲੀਪ ਕੁਮਾਰ ਝਾਅ ਅਤੇ ਸਾਬਕਾ ਡਰਾਈਵਰ ਪੂਰਨ ਸਿੰਘ ਵਲੋਂ ਦਾਇਰ ਕੀਤੀਆਂ ਦੋ ਵੱਖ-ਵੱਖ ਪਟੀਸ਼ਨਾਂ ‘ਤੇ ਅੱਜ ਬਾਅਦ ਦੁਪਹਿਰ ਇਹ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਅੰਤਿਮ ਸੰਸਕਾਰ 15 ਦਿਨਾਂ ਦੇ ਅੰਦਰ-ਅੰਦਰ 15 ਦਸੰਬਰ ਤੱਕ ਕਰਵਾਉਣ ਦੇ ਆਦੇਸ਼ ਜਾਰੀ ਕਰਦਿਆਂ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਲਾਈ ਗਈ ਹੈ।

ਇਕਹਿਰੇ ਬੈਂਚ ਨੇ ਪੰਜਾਬ ਦੇ ਪੁਲਿਸ ਮੁਖੀ ਦੇ ਨਾਲ-ਨਾਲ ਮੁੱਖ ਸਕੱਤਰ, ਪ੍ਰਿੰਸੀਪਲ ਸਕੱਤਰ, ਪੁਲਿਸ ਕਮਿਸ਼ਨਰ ਜਲੰਧਰ, ਐਸ.ਐਸ.ਪੀ. ਜਲੰਧਰ (ਦਿਹਾਤੀ), ਡੀ.ਸੀ. ਜਲੰਧਰ, ਐਸ.ਡੀ.ਐਮ. ਨੂਰਮਹਿਲ ਸਣੇ ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਵਾਲੀ ਥਾਂ ਦੇ ਅਧਿਕਾਰ ਖੇਤਰ ਨਾਲ ਸਬੰਧਤ ਜ਼ਿੰਮੇਵਾਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਕ ਉਚ ਤਾਕਤੀ ਕਮੇਟੀ ਦੀ ਰੂਪਰੇਖਾ ‘ਚ ਪਰੋਂਦਿਆਂ ਅੱਜ ਤੋਂ 15 ਦਿਨਾਂ ਦੇ ਅੰਦਰ-ਅੰਦਰ ‘ਸਮੁੱਚੀ ਕਾਰਵਾਈ’ ਨਿਬੇੜ ਕੇ ਹਾਈਕੋਰਟ ਨੂੰ ਰਿਪੋਰਟ ਦੇਣ ਦੀ ਤਾਕੀਦ ਕੀਤੀ ਹੈ।

ਬੈਂਚ ਵੱਲੋਂ ਨਾਲ ਹੀ ਮਸਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਉਚੇਚੇ ਤੌਰ ‘ਤੇ ਪੰਜਾਬ ਦੇ ਪੁਲਿਸ ਮੁਖੀ ਨੂੰ ਜਲੰਧਰ ਇਲਾਕੇ ਸਣੇ ਪੂਰੇ ਪੰਜਾਬ ਵਿਚ ਇਨ੍ਹਾਂ 15 ਦਿਨਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲ ਬਰਕਰਾਰ ਰੱਖਣ ਅਤੇ ਅੰਤਿਮ ਸੰਸਕਾਰ ਮੌਕੇ ਖ਼ੁਦ ਨਿੱਜੀ ਤੌਰ ‘ਤੇ ਮੌਜੂਦ ਰਹਿੰਦਿਆਂ ਸਾਰੀਆਂ ਸਰਗਰਮੀਆਂ ਦੀ ਨਿਗਰਾਨੀ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ।

ਉਧਰ ਦੂਜੇ ਪਾਸੇ ਅੱਜ ਦਲੀਪ ਝਾਅ ਅਤੇ ਪੂਰਨ ਸਿੰਘ ਵੱਲੋਂ ਆਪਣੀਆਂ ਪਟੀਸ਼ਨਾਂ ‘ਚ ਸੰਸਥਾਨ ਵਲੋਂ ਜੁਆਬਦੇਹ ਬਣਾਏ ਗਏ ਅਰਵਿੰਦਾ ਨੰਦ ਉਰਫ਼ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਮੋਹਨ ਪੁਰੀ ਪੁੱਤਰ ਰਾਸੀਦ ਰਾਮ, ਪ੍ਰਚਾਰਕ ਸਰਵਾ ਨੰਦ ਉਰਫ਼ ਸੋਨੀ ਪੁੱਤਰ ਮੋਹਨੀ, ਐਡਵੋਕੇਟ ਨਰਿੰਦਾ ਨੰਦ ਉਰਫ਼ ਨਰਿੰਦਰ ਸਿੰਘ ਤੇ ਪ੍ਰਚਾਰਕ ਵਿਸ਼ਾਲਾ ਨੰਦ, ਪ੍ਰਮੁੱਖ ਸਾਧਵੀਆਂ ਸਣੇ ਕਰੀਬ ਡੇਢ ਦਰਜਨ ਪੈਰੋਕਾਰ ਹਾਈਕੋਰਟ ‘ਚ ਮੌਜੂਦ ਰਹੇ।

ਅੱਜ ਇਸ ਤੋਂ ਪਹਿਲਾਂ ਸਵੇਰੇ ਦਲੀਪ ਕੁਮਾਰ ਝਾਅ ਵਲੋਂ ਪਿਛਲੇ ਹਫ਼ਤੇ ਹੀ ਖ਼ੁਦ ਦੇ ਆਸ਼ੂਤੋਸ਼ ਦਾ ਅਸਲ ਵਾਰਿਸ ਹੋਣ ਵਾਲੇ ਦਾਅਵੇ ਨੂੰ ਕਨੂੰਨੀ ਤੌਰ ‘ਤੇ ਸਾਬਿਤ ਕਰਨ ਵਜੋਂ ਵਲਦੀਅਤ ਦੀ ਜਾਂਚ ਹਿਤ ਡੀ.ਐਨ.ਏ. ਟੈਸਟ ਵਾਸਤੇ ਦਾਇਰ ਅਰਜ਼ੀ ‘ਤੇ ਵੀ ਜਸਟਿਸ ਬੇਦੀ ਦੇ ਬੈਂਚ ਵਲੋਂ ਹੀ ਸੁਣਵਾਈ ਕੀਤੀ ਗਈ।

, ਅੱਜ ਜਸਟਿਸ ਬੇਦੀ ਵੱਲੋਂ ਦਲੀਪ ਝਾਅ ਦੇ ਡੀ.ਐਨ.ਏ. ਟੈਸਟ ਬਾਰੇ ਫੈਸਲਾ ਬਾਅਦ ਦੁਪਹਿਰ ਤੱਕ ਰਾਖਵਾਂ ਰੱਖ ਲਿਆ। ਇਸ ਕੇਸ ਦੀ ਅੱਜ ਵਾਲੀ ਸਮੁੱਚੀ ਜੱਜਮੈਂਟ ਖ਼ਬਰ ਲਿਖੇ ਜਾਣ ਤੱਕ ਆਉਣੀ ਬਾਕੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: