ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਕੋਲੋਂ ਚੋਣਾਂ ਲਈ ਹਮਾਇਤ ਮੰਗਣ ਵਾਲੇ ਸਿੱਖ ਸਿਆਸਤਦਾਨਾਂ ਖ਼ਿਲਾਫ਼ ਅਕਾਲ ਤਖ਼ਤ ਤੋਂ ਫਿਲਹਾਲ ਕਾਰਵਾਈ ਹੋਣ ਦੇ ਆਸਾਰ ਨਹੀਂ ਹਨ। ਅਕਾਲ ਤਖ਼ਤ ਵੱਲੋਂ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਮਈ 2002 ਵਿੱਚ ਇੱਕ ਹੁਕਮਨਾਮਾ ਜਾਰੀ ਕਰ ਕੇ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਸਿੱਖ ਆਗੂਆਂ ਦਾ ਡੇਰਾ ਸਿਰਸਾ ਦੇ ਮੁਖੀ ਕੋਲ ਜਾਣਾ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਹੈ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੰਜਾਬ ਵਿਧਾਨ ਸਭਾ ਲਈ 4 ਫਰਵਰੀ ਨੂੰ ਪੈ ਰਹੀਆਂ ਵੋਟਾਂ ਵਿੱਚ ਡੇਰੇ ਦੀ ਹਮਾਇਤ ਹਾਸਲ ਕਰਨ ਦੇ ਮੰਤਵ ਨਾਲ ਕੱਲ੍ਹ ਕਈ ਸਿਆਸਤਦਾਨਾਂ ਨੇ ਡੇਰਾ ਸਿਰਸਾ ਮੁਖੀ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਕਰਨ ਵਾਲਿਆਂ ਵਿੱਚ ਬਾਦਲ ਦਲ, ਭਾਜਪਾ, ਕਾਂਗਰਸ ਅਤੇ ‘ਆਪ’ ਨਾਲ ਸਬੰਧਤ ਸਿਆਸਤਦਾਨ ਸ਼ਾਮਲ ਸਨ। ਇਨ੍ਹਾਂ ਸਿਆਸਤਦਾਨਾਂ ਵਿੱਚੋਂ ਬਾਦਲ ਦਲ ਨਾਲ ਸਬੰਧਤ ਵਿਵਾਦਤ ਮੰਤਰੀ ਸਿਕੰਦਰ ਮਲੂਕਾ ਵੀ ਸ਼ਾਮਲ ਸੀ, ਜਿਸ ਨੇ ਕੁਝ ਸਮਾਂ ਪਹਿਲਾਂ ਸਿੱਖ ਅਰਦਾਸ ਦੀ ਨਕਲ ਕਰਕੇ ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦਾ ਅਪਮਾਨ ਵੀ ਕੀਤਾ ਸੀ।
ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਿੱਖ ਸਿਆਸਤਦਾਨਾਂ ਵੱਲੋਂ ਡੇਰਾ ਸਿਰਸਾ ਜਾਣ ਬਾਰੇ ਕੋਈ ਜਾਣਕਾਰੀ ਹੈ। ਉਨ੍ਹਾਂ ਆਖਿਆ ਕਿ ਜੇ ਇਸ ਸਬੰਧੀ ਸਬੂਤਾਂ ਸਮੇਤ ਕੋਈ ਸ਼ਿਕਾਇਤ ਆਵੇਗੀ ਤਾਂ ਕਾਰਵਾਈ ਬਾਰੇ ਵਿਚਾਰ ਕੀਤੀ ਜਾਵੇਗੀ।
ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਅਕਾਲ ਤਖ਼ਤ ਦੇ ਆਦੇਸ਼ ਦੇ ਬਾਵਜੂਦ ਸਿੱਖ ਸਿਆਸਤਦਾਨਾਂ ਦਾ ਡੇਰਾ ਸਿਰਸਾ ਜਾਣਾ ਅਤੇ ਉਸ ਦੇ ਮੁਖੀ ਨਾਲ ਮੁਲਾਕਾਤ ਕਰਨਾ ਹੁਕਮਨਾਮੇ ਦੀ ਉਲੰਘਣਾ ਹੈ। ਜਦੋਂ ਕੌਮ ਨਾਲ ਧਰੋਹ ਹੋ ਰਿਹਾ ਹੋਵੇ ਤਾਂ ਅਕਾਲ ਤਖ਼ਤ ਨੂੰ ਕਿਸੇ ਸ਼ਿਕਾਇਤ ਦੀ ਉਡੀਕ ਕੀਤੇ ਬਿਨਾਂ ਅਜਿਹੀਆਂ ਖ਼ਬਰਾਂ ਅਤੇ ਵਾਈਰਲ ਹੋਈਆਂ ਵੀਡੀਓ ਆਦਿ ’ਤੇ ਹੀ ਸਵੈ-ਨੋਟਿਸ ਲੈਣਾ ਚਾਹੀਦਾ ਹੈ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਸਿੱਖ ਆਗੂ ਦਾ ਡੇਰਾ ਸਿਰਸਾ ਦੇ ਮੁਖੀ ਕੋਲ ਜਾਣਾ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਹੈ।
ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਉਹ ਛੇਤੀ ਹੀ ਇਹ ਮਾਮਲਾ ਵਿਚਾਰਨਗੇ। ਉਨ੍ਹਾਂ ਨੇ ਸੰਗਤ ਨੂੰ ਆਖਿਆ ਕਿ ਡੇਰਾ ਸਿਰਸਾ ਜਾਣ ਵਾਲੇ ਉਮੀਦਵਾਰਾਂ ਨੂੰ ਮੂੰਹ ਨਾ ਲਾਇਆ ਜਾਵੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗਰੇਜ਼ੀ ਵਿਚ ਪੜ੍ਹਨ ਲਈ: Ahead of Punjab Polls Politicians of AAP, Congress, Badal-BJP line up before Deras …