ਅੰਮ੍ਰਿਤਸਰ: ਬਟਾਲਾ ਰੋਡ, ਅੰਮ੍ਰਿਤਸਰ ‘ਤੇ ਪੈਂਦੇ ਭੀੜ ਭਾੜ ਵਾਲੇ ਇਲਾਕੇ ਭਾਰਤ ਨਗਰ ‘ਚ ਦੋ ਮੋਟਰਸਾਈਕਲਾਂ ‘ਤੇ ਆਏ ਚਾਰ ਹਥਿਆਰਬੰਦ ਹਮਲਾਵਰਾਂ ਵਲੋਂ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਦਾ ਉਸ ਦੇ ਦਫ਼ਤਰ ਦੇ ਬਾਹਰ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੇ ਇਕ ਹੋਰ ਸਾਥੀ ਨਾਲ ਜਾਣ ਲਈ ਮੋਟਰਸਾਈਕਲ ‘ਤੇ ਸਵਾਰ ਹੋਇਆ ਸੀ। ਇਹ ਘਟਨਾ ਨੇੜੇ ਦੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ।
ਉਥੇ ਘਟਨਾ ਵਾਲੀ ਥਾਂ ‘ਤੇ ਪੁੱਜੇ ਹਿੰਦੂਵਾਦੀ ਜਥੇਬੰਦੀਆਂ ਵਲੋਂ ਇਸ ਘਟਨਾ ਨੂੰ ਸਿੱਖਾਂ ਨਾਲ ਜੋੜਦਿਆਂ ਅੱਜ (31 ਅਕਤੂਬਰ, 2017) ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ। ਬੰਦ ਦੇ ਸੱਦੇ ਦੌਰਾਨ ਹਿੰਦੂ ਆਗੂ ਸੂਰੀ ਨੇ ਦੁਕਾਨਾਂ ਖੋਲ੍ਹਣ ਵਾਲਿਆਂ ਨੂੰ ਧਮਕੀ ਵੀ ਦਿੱਤੀ ਕਿ ਜੇ ਗੁੱਸੇ ‘ਚ ਸਾਡੇ ਨੌਜਵਾਨਾਂ ਨੇ ‘ਕੁਝ’ ਕੀਤਾ ਤਾਂ ਬੰਦ ਨੂੰ ‘ਸਹਿਯੋਗ’ ਨਾ ਦੇਣ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। ਮ੍ਰਿਤਕ ਵਿਪਨ ਕੁਮਾਰ ਸ਼ਰਮਾ (45) ਪੁੱਤਰ ਬਲਦੇਵ ਰਾਜ ਸ਼ਰਮਾ ਵਾਸੀ ਪ੍ਰੀਤ ਨਗਰ, ਬਟਾਲਾ ਰੋਡ ਹਿੰਦੂ ਸੰਘਰਸ਼ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ-ਨਾਲ ਜੈ ਸ਼ੰਕਰ ਵੈੱਲਫੇਅਰ ਸੁਸਾਇਟੀ ਦਾ ਪ੍ਰਧਾਨ ਵੀ ਸੀ ਤੇ ਬੀਤੇ ਕੱਲ੍ਹ (30 ਅਕਤੂਬਰ, 2017) ਪੁਲਿਸ ਚੌਕੀ ਵਿਜੈ ਨਗਰ ਬਟਾਲਾ ਰੋਡ ਤੋਂ ਕੁਝ ਹੀ ਦੂਰੀ ‘ਤੇ ਭਾਰਤ ਨਗਰ ਦੇ ਮੇਨ ਬਾਜ਼ਾਰ ‘ਚ ਬਣਾਏ ਦਫ਼ਤਰ ‘ਚ ਬੈਠਾ ਸੀ ਤੇ ਦੁਪਹਿਰ ਬਾਅਦ ਉਸ ਨੇ ਘਰ ਜਾਣ ਲਈ ਨੌਜਵਾਨ ਗੁਰਜੀਤ ਸਿੰਘ ਮੋਨੂੰ ਪੁੱਤਰ ਸਤਨਾਮ ਸਿੰਘ ਵਾਸੀ ਭਾਰਤ ਨਗਰ ਦੇ ਮੋਟਰਸਾਈਕਲ ਪਿੱਛੇ ਬੈਠਣ ਹੀ ਲੱਗਾ ਸੀ ਕਿ ਦਫ਼ਤਰ ਦੇ ਨਾਲ ਦੀ ਗਲੀ ਰਾਹੀਂ ਆਏ ਨੌਜਵਾਨਾਂ ਨੇ ਪ੍ਰਧਾਨ ਵਿਪਨ ਕੁਮਾਰ ‘ਤੇ ਫਾਇਰ ਖੋਲ੍ਹ ਦਿੱਤਾ।
ਇਸੇ ਦੌਰਾਨ ਬਟਾਲਾ ਰੋਡ ‘ਤੇ ਇਕੱਠੇ ਹੋਏ ਹਿੰਦੂ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ‘ਚ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਅਰੁਣ ਕੁਮਾਰ ਪੋਪਾ, ਸ਼ਿਵ ਸੈਨਾ ਸਮਾਜਵਾਦੀ ਤੋਂ ਅਜੈ ਸੇਠ, ਸੰਜੇ ਕਪਿਲਾ, ਲਾਲ ਬਹਾਦਰ ਸ਼ਾਸਤਰੀ, ਗੌਰਵ ਸ਼ਰਮਾ, ਸ਼ਿਵ ਸੈਨਾ ਪੰਜਾਬ ਤੋਂ ਜੈ ਗੋਪਾਲ ਲਾਲੀ, ਸੁਧੀਰ ਸੂਰੀ, ਬਲਦੇਵ ਭਾਰਦਵਾਜ, ਕਮਲ ਕੁਮਾਰ, ਮੋਤੀ ਅਰੋੜਾ, ਯੁਵਰਾਜ ਸੂਰੀ, ਵਿਨੋਦ ਚੌਹਾਨ, ਅਨਿਲ ਟੰਡਨ, ਕਰਨ ਸੈਨਾ, ਹਰਦੀਪ ਸ਼ਰਮਾ, ਸ਼ਿਵ ਸੈਨਾ ਸਮਾਜਵਾਦੀ ਦੇ ਸੂਬਾ ਪ੍ਰਧਾਨ ਬਿਕਰਮ ਦੱਤਾ, ਸ਼ਿਵ ਸੈਨਾ ਹਿੰਦ ਤੋਂ ਸੰਜੇ ਕੁਮਰੀਆਂ, ਰਾਹੁਲ ਖੋਸਲਾ, ਸੁਨੀਲ ਅਰੋੜਾ, ਅਜੈ ਠਾਕਰੇ, ਸ਼ਿਵ ਸੈਨਾ ਸ਼ੇਰੇ ਪੰਜਾਬ ਤੋਂ ਵਿਵੇਕ ਸਾਗਰ, ਓਮ ਪ੍ਰਕਾਸ਼ ਘੁੱਕ, ਸੁਸ਼ੀਲ ਸਿਤਾਰਾ ਪਵਨ ਵਰਮਾ, ਸ਼ਿਵ ਸੈਨਾ ਹਿੰਦੁਸਤਾਨ ਤੋਂ ਚੇਤਨ ਕੱਕੜ, ਸੋਰਵ ਸਿਤਾਰਾ, ਅਰੁਣ ਕਪੂਰ ਰਾਸ਼ਟਰੀ ਹਿੰਦੂ ਚੇਤਨਾ ਮੰਚ ਤੋਂ ਅਸ਼ੋਕ ਡਿੰਪੀ ਚੌਹਾਨ ਆਦਿ ਨੇ ਦੱਸਿਆ ਕਿ 31 ਅਕਤੂਬਰ ਨੂੰ ਅੰਮ੍ਰਿਤਸਰ ਬੰਦ ਦਾ ਕੀਤਾ ਜਾਏਗਾ।