ਚੰਡੀਗੜ੍ਹ: ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ 11 ਜਨਵਰੀ ਤੋਂ ਜੇਲ੍ਹ ਵਿੱਚ ਭੁੱਖ ਹੜਤਾਲ ਰੱਖਣ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰਨਾਂ ਨੂੰ ਮਿਲਣ ਤੋਂ ਬਾਅਦ ਭਾਈ ਰਾਜੋਆਣਾ ਨੇ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ ਹੈ।
ਖਬਰਾਂ ਹਨ ਕਿ ਇਸ ਬਾਰੇ ਜਾਣਕਾਰੀ ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਵੱਲੋਂ ਸਾਂਝੀ ਕੀਤੀ ਗਈ।
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ਵਿੱਚ ਮਿਲਣ ਵਾਲਿਆਂ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਅਤੇ ਬੀਬੀ ਕਮਲਦੀਪ ਕੌਰ ਤੋਂ ਇਲਾਵਾ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਗੁਰਚਰਨ ਸਿੰਘ ਗਰੇਵਾਲ ਆਦਿ ਵੀ ਸ਼ਾਮਿਲ ਸਨ। ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਵਿਰੁੱਧ ਭਾਰਤੀ ਰਾਸ਼ਟਰਪਤੀ ਕੋਲ ਪਾਈ ਗਈ ਮੁੜ ਵਿਚਾਰ ਅਰਜੀ ਬਾਰੇ ਫੈਸਲਾ ਨਾ ਹੋਣ ਦੀ ਸੂਰਤ ਵਿੱਚ ਭਾਈ ਰਾਜੋਆਣਾ ਨੇ 11 ਜਨਵਰੀ ਤੋਂ ਭੁੱਖ ਹੜਤਾਲ ਰੱਖਣ ਦਾ ਐਲਾਨ ਕੀਤਾ ਸੀ।
ਦੱਸਣਾ ਬਣਦਾ ਹੈ ਕਿ ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਉਕਤ ਅਰਜੀ ਸ਼੍ਰੋ.ਗੁ.ਪ੍ਰ.ਕ. ਨੇ 2012 ਵਿਚ ਪਾਈ ਸੀ।
ਲੰਘੇ ਸਤੰਬਰ (2019)ਮਹੀਨੇ ਵਿਚ ਭਾਰਤ ਸਰਕਾਰ ਨੇ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਦਾ ਅਮਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਅਜਿਹਾ ਬਿਆਨ ਦਿੱਤਾ ਸੀ ਜਿਸ ਤੋਂ ਕਿ ਉਕਤ ਮਾਮਲੇ ਬਾਰੇ ਕਾਫੀ ਭੰਬਲਭੂਸਾ ਪੈਦਾ ਹੋ ਗਿਆ ਹੈ।
⊕ ਇਹ ਜਰੂਰ ਪੜ੍ਹੋ- ਭਾਈ ਰਾਜੋਆਣਾ ਬਾਰੇ ਅਮਿਤ ਸ਼ਾਹ ਦੇ ਬਿਆਨ ਵਿਚ ਕਈ ਵਲ਼ ਹਨ: ਖਾਸ ਪੜਚੋਲ