ਲੰਡਨ: ਮਾਰਗਰੇਟ ਥੈਚਰ ਮਗਰੋਂ ਟੈਰੇਸਾ ਮੇਅ ਨੇ ਜਦੋਂ ਬਰਤਾਨੀਆ ਦੀ ਦੂਜੀ ਔਰਤ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ‘ਬ੍ਰਿਐਗਜ਼ਿਟ’ ਤੋਂ ਬਾਅਦ ਕੰਮ ਦਾ ਭਾਰੀ ਬੋਝ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਕੰਜ਼ਰਵੇਟਿਵ ਪਾਰਟੀ ਦੀ 59 ਸਾਲਾ ਆਗੂ ਲਈ ਪਹਿਲੀ ਚੁਣੌਤੀ ਆਪਣੇ ਟੀਮ ਦੇ ਮੋਹਰੀਆਂ ਦੀ ਚੋਣ ਹੋਵੇਗੀ, ਜੋ ਯੂਰਪੀ ਯੂਨੀਅਨ ਵਿੱਚੋਂ ਬਰਤਾਨੀਆ ਦੇ ਬਾਹਰ ਹੋਣ ਮਗਰੋਂ ਪੈਦਾ ਹੋਏ ਹਾਲਾਤ ਨਾਲ ਸਿੱਝਣ ਵਿੱਚ ਉਸ ਦੀ ਮਦਦ ਕਰ ਸਕਣ। ਟੈਰੇਸਾ ਮੇਅ ਵੱਲੋਂ ਸਿਆਸਤ ਵਿੱਚ ਔਰਤਾਂ ਦੇ ਹੱਕਾਂ ਲਈ ਵੱਡੇ ਪੱਧਰ ਉਤੇ ਆਵਾਜ਼ ਬੁਲੰਦ ਕਰਨ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਦੀ ਕੈਬਨਿਟ ਵਿੱਚ ਮਹਿਲਾ ਟੋਰੀ ਸੰਸਦ ਮੈਂਬਰਾਂ ਨੂੰ ਥਾਂ ਮਿਲ ਸਕਦੀ ਹੈ।
ਟੈਰੇਸਾ ਮੇਅ ਨੂੰ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਵਿਰੋਧੀ ਐਂਡਰੀਆ ਲੀਡਸਮ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਇਸ ਦੌਰਾਨ ਡੇਵਿਡ ਕੈਮਰੌਨ ਨੇ ਸੰਸਦ ਵਿੱਚ ਆਪਣੇ ਆਖ਼ਰੀ ਸੰਬੋਧਨ ਵਿੱਚ ਕਿਹਾ ਕਿ ਉਹ ਆਪਣੇ ਜਾਨਸ਼ੀਨ ਨੂੰ ਇਹ ਸਲਾਹ ਦੇਣਾ ਚਾਹੁੰਦੇ ਹਨ ਕਿ ਯੂਰਪ ਨਾਲ ਨੇੜਲੇ ਰਿਸ਼ਤੇ ਬਣਾਈ ਰੱਖਦਿਆਂ ਵਪਾਰ, ਤਾਲਮੇਲ ਅਤੇ ਸੁਰੱਖਿਆ ਪੱਖੋਂ ਬਰਤਾਨੀਆ ਦੀ ਬਿਹਤਰ ਤਰੀਕੇ ਨਾਲ ਸੇਵਾ ਕੀਤੀ ਜਾਵੇ। ਦੂਜੇ ਪਾਸੇ ਨਵੀਂ ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਬਰਤਾਨੀਆ ਦੇ 28 ਮੈਂਬਰੀ ਯੂਰਪੀ ਯੂਨੀਅਨ ਵਿੱਚੋਂ ਨਿਕਲਣ ਦੀ ਕਾਰਵਾਈ ਨੇਪਰੇ ਚਾੜ੍ਹਨ ਵਾਸਤੇ ਵੱਖਰਾ ਵਿਭਾਗ ਕਾਇਮ ਕਰਨ ਲਈ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੱਦੀ ਛੱਡ ਰਹੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੂੰ ਹੇਠਲੇ ਸਦਨ ਵਿੱਚ ਕਨਜ਼ਰਵੇਟਿਵ ਸੰਸਦ ਮੈਂਬਰਾਂ ਨੇ ਅੱਜ ਖੜ੍ਹੇ ਹੋ ਕੇ ਸ਼ਲਾਘਾ ਕੀਤੀ। ਮਹਾਰਾਣੀ ਨੂੰ ਆਪਣਾ ਅਸਤੀਫ਼ਾ ਦੇਣ ਜਾਣ ਲਈ ਬਕਿੰਘਮ ਪੈਲੇਸ ਜਾਣ ਤੋਂ ਪਹਿਲਾਂ ਕੈਮਰੌਨ ਨੇ ਸੰਸਦ ਨੂੰ ਸੰਬੋਧਨ ਕੀਤਾ। ਬੀਬੀਸੀ ਦੀ ਰਿਪੋਰਟ ਅਨੁਸਾਰ ਉਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ‘ਭੀੜ ਦੇ ਚੀਕ ਚਿਹਾੜੇ ਦੀ ਘਾਟ ਰੜਕੇਗੀ।’ ਇਸ ਦੌਰਾਨ ਕੈਮਰੂਨ ਵਲੋਂ ਆਪਣੇ ਦਫ਼ਤਰ-ਕਮ-ਗ੍ਰਹਿ 10 ਡਾਊਨਿੰਗ ਸਟਰੀਟ ਵਿੱਚ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ।