ਚੰਡੀਗੜ੍ਹ: ਰਾਜਸਥਾਨ ‘ਚ ਇਤਿਹਾਸ 360 ਡਿਗਰੀ ਘੁੰਮਦਾ ਨਜ਼ਰੀਂ ਪੈ ਰਿਹਾ ਹੈ। ਹਲਦੀਘਾਟੀ ਦੀ ਲੜਾਈ ਨੂੰ ਲੈ ਕੇ ਰਾਜਸਥਾਨ ਬੋਰਡ ਦੇ ਸਕੂਲਾਂ ਦੀਆਂ ਕਿਤਾਬਾਂ ‘ਚ ਇਹ ਨਵਾਂ ਦਾਅਵਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਖ਼ਬਰਾਂ ‘ਚ ਕਿਹਾ ਜਾ ਰਿਹਾ ਹੈ ਕਿ ਕਿਤਾਬ ‘ਚ ਹਲਦੀਘਾਟੀ ਦੀ ਲੜਾਈ ‘ਚ ਮਹਾਰਾਣਾ ਪ੍ਰਤਾਪ ਨੂੰ ਜਿੱਤਿਆ ਦਿਖਾਇਆ ਗਿਆ ਹੈ। ਭਾਰਤੀ ਖ਼ਬਰਾਂ ਦੀ ਏਜੰਸੀ ਪੀ.ਟੀ.ਆਈ. ਮੁਤਾਬਕ ਇਨ੍ਹਾਂ ਕਿਤਾਬਾਂ ਦਾ ਸਿਲੇਬਸ ਇਸੇ ਸਾਲ ਬਦਲਿਆ ਗਿਆ ਹੈ।
ਹਾਲਾਂਕਿ ਰਾਜਸਥਾਨ ਸਿੱਖਿਆ ਬੋਰਡ ਦੇ ਚੇਅਰਮੈਨ ਬੀ.ਐਲ. ਚੌਧਰੀ ਨੇ ਦੱਸਿਆ ਕਿ ਕਿਤਾਬ ‘ਚ ਕਿਤੇ ਵੀ ਇਹ ਸਪੱਸ਼ਟ ਨਹੀਂ ਲਿਖਿਆ ਕਿ ਜੰਗ ‘ਚ ਮਹਾਰਾਣਾ ਪ੍ਰਤਾਪ ਨੇ ਅਕਬਰ ਨੂੰ ਹਰਾਇਆ। ਹੁਣ ਤਕ ਇਤਿਹਾਸ ‘ਚ ਇਹ ਪੜ੍ਹਾਇਆ ਜਾਂਦਾ ਰਿਹਾ ਹੈ ਕਿ ਉਦੈਪੁਰ ਕੋਲ ਹਲਦੀਘਾਟੀ ‘ਚ ਮਹਾਰਾਣਾ ਪ੍ਰਤਾਪ ਅਤੇ ਅਕਬਰ ‘ਚ ਹੋਈ ਜੰਗ ‘ਚ ਅਕਬਰ ਦੀ ਜਿੱਤ ਹੋਈ ਸੀ।
ਪੀਟੀਆਈ ਮੁਤਾਬਕ ਸਮਾਜ ਸ਼ਾਸਤਰ ਦੀ ਇਸ ਨਵੀਂ ਕਿਤਾਬ ਨੂੰ 2017-18 ‘ਚ ਵਿਦਿਆਰਥੀਆਂ ਦੇ ਪਾਠਕ੍ਰਮ ‘ਚ ਸ਼ਾਮਲ ਕੀਤਾ ਗਿਆ ਹੈ। ਕਿਤਾਬ ਦੇ ਇਸ ਅਧਿਆਏ ਨੂੰ ਲਿਖਣ ਵਾਲੇ ਚੰਦਰਸ਼ੇਖਰ ਸ਼ਰਮਾ ਦਾ ਦਾਅਵਾ ਹੈ ਕਿ ਲੜਾਈ ਦੇ ਨਤੀਜੇ ਮਹਾਰਾਣਾ ਪ੍ਰਤਾਪ, ਮੇਵਾੜ ਦੇ ਰਾਜਪੂਤ ਰਾਜਾ ਦੇ ਹੱਕ ‘ਚ ਰਹੇ। ਰਿਸ਼ਭ ਸ੍ਰੀਵਾਸਤਵ ਇਸ ਦਾ ਮੌਜੂ ਬਣਾਉਣੇ ਹੋਏ ਫੇਸਬੁੱਕ ‘ਤੇ ਲਿਖਦੇ ਹਨ, “ਰਾਜਸਥਾਨ ਦੀ ਭਾਜਪਾ ਸਰਕਾਰ (ਆਰ.ਐਸ.ਐਸ.) ਮੁਤਾਬਕ ਮਹਾਰਾਣਾ ਪ੍ਰਤਾਪ ਨੇ ਅਕਬਰ ਨੂੰ ਹਰਾਇਆ ਸੀ। ਤਾਂ ਇਹ ਕਿਉਂ ਨਹੀਂ ਲਿਖਿਆ ਜਾ ਸਕਦਾ ਕਿ 1962 ਦੀ ਚੀਨ ਜੰਗ ਭਾਰਤ ਨੇ ਜਿੱਤੀ ਸੀ? ਦੇਖਿਆ ਤਾਂ ਕਿਸੇ ਨੇ ਨਹੀਂ ਸੀ। ਇਕ ਹੋਰ ਲਿਖਾਰੀ ਨੇ ਤੰਜ ‘ਚ ਲਿਖਿਆ, “ਮਹਾਰਾਣਾ ਪ੍ਰਤਾਪ ਦੀ ਫੌਜ ‘ਚ ਆਰ.ਐਸ.ਐਸ. ਅਤੇ ਭਾਜਪਾ ਵੀ ਸੀ। ਇਸ ਲਈ ਅਕਬਰ ਦੀ ਹਾਰ ਹੋਈ ਸੀ। ਸਈਦ ਸਲਮਾਨ ਨੇ ਲਿਖਿਆ, “ਹਲਦੀਘਾਟੀ ਦੀ ਲੜਾਈ ਬਾਰੇ ਹੁਣ ਬੱਚੇ ਇੰਝ ਜਵਾਬ ਦਿਆ ਕਰਨਗੇ, “1576 ਤੋਂ 2017 ਤਕ ਅਕਬਰ ਜਿੱਤਿਆ ਸੀ ਪਰ 2017 ਦੇ ਅੱਧ ਤਕ ਅਕਬਰ ਨੂੰ ਧੂੜ ਛਕਾਉਂਦੇ ਹੋਏ ਮਹਾਰਾਣਾ ਪ੍ਰਤਾਪ ਨੇ ਆਪਣੀ ਹਾਰ ਦਾ ਬਦਲਾ ਲੈ ਲਿਆ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ।” ਇਤਿਹਾਸ ਬਦਲਣ ਦਾ ਵਿਰੋਧ ਕਰ ਰਹੇ ਇਕ ਹੋਰ ਲੇਖਕ ਆਲੋਕ ਮੋਹਨ ਨੇ ਤੰਜ ਕੀਤਾ, “ਮਹਾਰਾਣਾ ਵਲੋਂ ਅਕਬਰ ਨੂੰ ਹਰਾਉਣ ‘ਚ ਲਗਭਗ 450 ਸਾਲ ਲੱਗ ਗਏ, ਇਸਤੋਂ ਪਤਾ ਚੱਲਦਾ ਹੈ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।”
ਸਬੰਧਤ ਖ਼ਬਰ: ਅੰਡੇਮਾਨ ਜੇਲ੍ਹ ਦੇ ਇਤਿਹਾਸ ’ਚੋਂ ਸਿੱਖ ਕੁਰਬਾਨੀਆਂ ਮਨਫ਼ੀ ਕਰਨ ’ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼ …