ਚੰਡੀਗੜ੍ਹ: 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਲੋਂ ਸੱਤਾ ਦੇ ਉੱਚੇ ਅਹੁਦਿਆਂ ਦਾ ਅਨੰਦ ਲੈਣਾ ਹੁਣ ਤੁਰੰਤ ਬੰਦ ਹੋਣਾ ਚਾਹੀਦਾ ਹੈ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਈ ਜਾ ਸਕੇ। ਇਹ ਗੱਲ ਬੀਤੇ ਕੱਲ੍ਹ (31 ਅਕਤੂਬਰ, 2017) ਐਮਨੈਸਟੀ ਇੰਟਰਨੈਸ਼ਨਲ ਇੰਡੀਆ ਵਲੋਂ ‘ਚੁਰਾਸੀ ਦੀ ਨਾਇਨਸਾਫ਼ੀ : 1984 ਦੇ ਸਿੱਖ ਕਤਲੇਆਮ ਲਈ ਜਾਰੀ ਜਸਟਿਸ’ ਵਿਸ਼ੇ ‘ਤੇ ਕਰਵਾਈ ਚਰਚਾ ‘ਚ ਕਹੀ ਗਈ। ਇਹ ਚਰਚਾ ਕੱਲ੍ਹ ਚੰਡੀਗੜ੍ਹ ਪ੍ਰੈਸ ਕਲੱਬ ‘ਚ ਕਰਵਾਈ ਗਈ।
1984 ਦੇ ਕਤਲੇਆਮ ਦੀ 33ਵੀਂ ਵਰ੍ਹੇਗੰਢ ਮੌਕੇ ਕਰਵਾਈ ਚਰਚਾ ‘ਚ 15 ਪੀੜਤਾਂ ਤੇ ਕਤਲੇਆਮ ‘ਚੋਂ ਬਚੇ ਲੋਕਾਂ ਦੇ ਪਰਿਵਾਰਾਂ ਦੇ ਜੀਵਨ ਦੀ ਇਕ ਝਲਕ ਦਿਖਾਈ ਦਿੱਤੀ ਅਤੇ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਦਾ ਉਨ੍ਹਾਂ ਦਾ ਸੰਘਰਸ਼ ਵੀ ਸਾਹਮਣੇ ਆਇਆ। ਇਸ ਚਰਚਾ ‘ਚ ਹਿੱਸਾ ਲੈਣ ਵਾਲਿਆਂ ‘ਚ ਲੈਫ਼ਟੀਨੈਂਟ ਜਨਰਲ ਐਚ. ਐਸ. ਪਨਾਗ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਅਸਿਮਤਾ ਬਸੁ, ਪ੍ਰੋਗਰਾਮ ਡਾਇਰੈਕਟਰ, ਐਮਨੈਸਟੀ ਇੰਟਰਨੈਸ਼ਨਲ ਇੰਡੀਆ, ਸਨਮ ਸੁਤਿਰਥ ਵਜ਼ੀਰ, ਪ੍ਰੋਗਰਾਮ ਮੈਨੇਜਰ, ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨਵਕਿਰਨ ਸਿੰਘ, ਐਡਵੋਕੇਟ ਦਰਸ਼ਨ ਕੌਰ, 1984 ਕਤਲੇਆਮ ਦੀ ਮੁੱਖ ਗਵਾਹ ਤੇ ਪ੍ਰਸਿੱਧ ਫ਼ੋਟੋਗ੍ਰਾਫ਼ਰ ਸੋਮ ਬਾਸੂ ਸ਼ਾਮਿਲ ਸਨ। ਇਸ ਮੌਕੇ 1984 ਦੇ ਕਤਲੇਆਮ ‘ਚੋਂ ਬਚੇ ਲੋਕਾਂ ਦੀ ਜ਼ਿੰਦਗੀ ਦੀ ਝਲਕ ਦਿਖਾਉਂਦੀ ਤਸਵੀਰਾਂ ਦੀ ਇਕ ਫੋਟੋਬੁੱਕ ਨੂੰ ਵੀ ਲਾਂਚ ਕੀਤਾ ਗਿਆ ਅਤੇ ਤਸਵੀਰਾਂ ਦੀ ਪ੍ਰਦਰਸ਼ਨੀ ਨੂੰ ਵੀ ਕਰਵਾਈ ਗਈ। ਇਸ ਦੌਰਾਨ ਅਸਿਮਤਾ ਬਸੁ, ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਹਜ਼ਾਰਾਂ ਪੀੜਤ ਤੇ ਬਚਣ ਵਾਲੇ ਲੋਕ ਅਜੇ ਵੀ ਨਿਆਂ ਦੀ ਉਡੀਕ ਕਰ ਰਹੇ ਹਨ।
ਬੁਲਾਰਿਆਂ ਨੇ ਕਿਹਾ ਕਿ ਫਰਵਰੀ 2015 ‘ਚ ਕੇਂਦਰੀ ਗ੍ਰਹਿ ਮੰਤਰਾਲੇ ਨੇ 1984 ਦੇ ਸਿੱਖ ਕਤਲੇਆਮ ਦੇ ਸਬੰਧ ‘ਚ ਦਿੱਲੀ ਵਿਚ ਦਰਜ ਕੀਤੇ ਅਪਰਾਧਿਕ ਮਾਮਲਿਆਂ ਨੂੰ ਦੁਬਾਰਾ ਜਾਂਚ ਕਰਨ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਬਣਾਉਣ ਦਾ ਐਲਾਨ ਕੀਤਾ ਸੀ। ਇਸ ਦਾ ਬਾਅਦ ‘ਚ ਦੋ ਸਾਲ ਦੌਰਾਨ ਤਿੰਨ ਵਾਰ ਵਿਸਥਾਰ ਵੀ ਕੀਤਾ ਗਿਆ ਅਤੇ ਐਸ.ਆਈ.ਟੀ. ਨੇ ਆਖ਼ਰਕਾਰ 2017 ‘ਚ ਕਿਹਾ ਸੀ ਕਿ ਉਸ ਨੇ 241 ਮਾਮਲੇ ਬੰਦ ਕਰ ਦਿੱਤੇ ਹਨ ਤੇ ਸਿਰਫ਼ 12 ਮਾਮਲਿਆਂ ‘ਚ ਦੋਸ਼ ਤੈਅ ਕੀਤੇ ਗਏ ਹਨ।
ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੇ ਸੀਨੀਅਰ ਕੈਂਪੇਨਰ ਸਨਮ ਸੁਤਿਰਥ ਵਜ਼ੀਰ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ 1984 ਦੇ ਪੀੜਤਾਂ ਲਈ ਰਿਸਦਾ ਦਰਦ ਬੰਦ ਨਹੀਂ ਹੋਵੇਗਾ। 57 ਸਾਲਾ ਦਰਸ਼ਨ ਕੌਰ ਜਿਸ ਦਾ ਪਤੀ ਕਤਲੇਆਮ ‘ਚ ਮਾਰਿਆ ਗਿਆ ਨੇ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੂੰ ਦੱਸਿਆ ਕਿ ਉਸ ਨੂੰ ਅਤੀਤ ਨੂੰ ਭੁੱਲਣ ਤੇ ਆਪਣੇ ਭਵਿੱਖ ਦਾ ਨਿਰਮਾਣ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਅਤੀਤ ਨੂੰ ਭੁੱਲਣਾ ਸੰਭਵ ਹੈ? ਇਸ ਮੌਕੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਦੁੱਖ ਦੀ ਗੱਲ ਇਹ ਹੈ ਕਿ ਕਮਿਸ਼ਨ ਬਣੇ, ਕਮੇਟੀਆਂ ਬਣੀਆਂ, ਐਸ.ਆਈ.ਟੀ. ਬਣੀਆਂ ਅੰਤ ਵਿਚ ਕੁਝ ਨਹੀਂ ਨਿਕਲਿਆ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: