ਟੋਰਾਂਟੋ (ਪ੍ਰਤੀਕ ਸਿੰਘ): ਗ਼ਲਤੀ ਨਾਲ “ਅਤਿਵਾਦੀ” ਗਰਦਾਨੇ ਗਏ ਤਿੰਨ ਬੰਦਿਆਂ ਖ਼ਿਲਾਫ਼ ਡੇਢ ਦਹਾਕਾ ਚੱਲੇ ਕੇਸ ਮਗਰੋਂ ’ਚ ਕੈਨੇਡਾ ਸਰਕਾਰ ਨੇ ਤਕਰੀਬਨ 3.12 ਕਰੋੜ ਡਾਲਰ ਦੇ ਕੇ ਖਹਿੜਾ ਛੁਡਾਇਆ ਹੈ। ਤਿੰਨੇ ਬੰਦੇ ਕੈਨੇਡੀਅਨ ਨਾਗਰਿਕ ਹਨ।
ਮੁਲਕ ਦੇ ਜਨਤਕ ਸੁਰੱਖਿਆ ਮੰਤਰੀ ਰੌਲਫ ਗੁਡੇਲ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਅਬਦੁੱਲਾ ਅਲਮਲਕੀ, ਅਹਿਮਦ-ਅਲ-ਮਾਤੀ ਤੇ ਮੁਅੱਯਦ ਨੂਰਦੀਨ ਤੋਂ ਮਾਫੀ ਮੰਗ ਲਈ ਹੈ। ਇਨ੍ਹਾਂ ਤਿੰਨਾਂ ’ਤੇ ਸੀਰੀਆ ਦੀਆਂ ਜੇਲ੍ਹਾਂ ਅੰਦਰ ਤਸ਼ੱਦਦ ਕੀਤਾ ਗਿਆ ਸੀ। ਟੋਰਾਂਟੋ ਦੇ ਟਰੱਕ ਡਰਾਈਵਰ ਅਲ-ਮਾਤੀ ਨੂੰ 2001 ਵਿੱਚ ਆਪਣੇ ਵਿਆਹ ਲਈ ਸੀਰੀਆ ਜਾਣ ਮਗਰੋਂ ਹਿਰਾਸਤ ’ਚ ਲਿਆ ਗਿਆ ਅਤੇ ਕੋਈ ਦੋ ਸਾਲ ਜੇਲ੍ਹ ’ਚ ਰੱਖਿਆ ਗਿਆ। ਇਵੇਂ ਹੀ ਓਟਾਵਾ ਦੇ ਇੰਜੀਨੀਅਰ ਅਲਮਲਕੀ ਨੂੰ 2002 ’ਚ 22 ਮਹੀਨਿਆਂ ਲਈ ਜੇਲ੍ਹ ’ਚ ਰੱਖਿਆ ਗਿਆ।
ਟੋਰਾਂਟੋ ’ਚ ਭੂ-ਵਿਗਿਆਨੀ ਨੂਰਦੀਨ ਨੂੰ 2003 ’ਚ ਸੀਰਿਆਈ ਅਧਿਕਾਰੀਆਂ ਨੇ ਉਸ ਵੇਲੇ ਫੜ ਲਿਆ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਇਰਾਕ ਵੱਲੋਂ ਸਰਹੱਦ ਲੰਘਿਆ। ਇਨ੍ਹਾਂ ਤਿੰਨ੍ਹਾਂ ਨੇ ਆਖਿਆ ਕਿ ਕੈਨੇਡੀਅਨ ਖੁਫੀਆ ਏਜੰਸੀ (ਸੀਸਸ) ਅਤੇ ਆਰਸੀਐਮਪੀ ਦੇ ਕਹਿਣ ’ਤੇ ਉਨ੍ਹਾਂ ’ਤੇ ਸੀਰੀਆ ’ਚ ਬੇਹੱਦ ਤਸ਼ੱਦਦ ਹੋਇਆ। 2008 ’ਚ ਸਰਕਾਰੀ ਜਾਂਚ ਵਿੱਚ ਕੈਨੇਡੀਅਨ ਏਜੰਸੀਆਂ ਦੀ ਕੋਤਾਹੀ ਪਾਈ ਗਈ। 10 ਸਾਲ ਪਹਿਲਾਂ ਇਨ੍ਹਾਂ ਤਿੰਨਾਂ ਨੇ ਕੈਨੇਡਾ ਸਰਕਾਰ ’ਤੇ ਹਰਜ਼ਾਨੇ ਦਾ ਕੇਸ ਕੀਤਾ ਸੀ ਅਤੇ ਆਖਰ ਇਨਸਾਫ ਦੀ ਲੰਬੀ ਲੜਾਈ ਜਿੱਤ ਲਈ।
(ਧੰਨਵਾਦ ਸਹਿਤ ਪੰਜਾਬੀ ਟ੍ਰਿਬਿਊਨ)