ਚੰਡੀਗੜ੍ਹ (27 ਜਨਵਰੀ, 2015): ਡੇਰਾ ਸੌਦਾ ਸਰਸਾ ਦੇ ਮੁਖੀ ਰਾਮ ਰਾਹੀਮ ਵੱਲੋਂ ਸਾਲ 2007 ਦਾ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਵਾਲਾ ਮਾਮਲਾ ਅੱਜ ਇੱਕ ਵਾਰ ਫਿਰ ਹਾਈਕੋਰਟ ਪੁੱਜ ਗਿਆ। ਮੁੱਢਲੇ ਦਿਨਾਂ ‘ਚ ਇਸ ਕੇਸ ਨੂੰ ਉਭਾਰਨ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਹਰਦੀਪ ਸਿੰਘ ਬਠਿੰਡਾ ਵੱਲੋਂ ਇਸ ਸਬੰਧ ਵਿਚ ਹੇਠਲੀ ਅਦਾਲਤ ਦੁਆਰਾ ਡੇਰਾ ਮੁਖੀ ਨੂੰ ਰਾਹਤ ਦਿੰਦੇ ਫ਼ੈਸਲੇ ਨੂੰ ਹਾਈਕੋਰਟ ‘ਚ ਚੁਣੌਤੀ ਦਿੱਤੀ ਗਈ ਹੈ।
ਲਾਇਰਜ ਫ਼ਾਰ ਹਿਊਮਨ ਰਾਇਟਜ ਇੰਟਰਨੈਸ਼ਨਲ ਦੇ ਮੁਖੀ ਅਤੇ ਡੇਰਾ ਮੁਖੀ ਖਿ਼ਲਾਫ਼ ਪਹਿਲਾਂ ਹੀ ਦਾਇਰ ਪਟੀਸ਼ਨਾਂ ਦੀ ਪੈਰਵੀ ਕਰ ਰਹੇ ਐਡਵੋਕੇਟ ਨਵਕਿਰਨ ਸਿੰਘ ਰਾਹੀਂ ਦਾਇਰ ਇਸ ਪਟੀਸ਼ਨ ਤਹਿਤ ਸੈਸ਼ਨ ਜੱਜ ਬਠਿੰਡਾ ਦੇ 7 ਅਗਸਤ 2014 ਵਾਲੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਰੱਖੀ ਗਈ ਹੈ, ਹਾਲਾਂਕਿ ਇਹ ਵੀ ਕਿਆਸ ਕੀਤਾ ਜਾ ਰਿਹਾ ਸੀ ਕਿ ਉਕਤ ਕੇਸ ‘ਚ ਬਤੌਰ ਧਿਰ ਪੰਜਾਬ ਸਰਕਾਰ ਵੱਲੋਂ ਵੀ ਹੇਠਲੀ ਅਦਾਲਤ ਦੇ ਉਕਤ ਫ਼ੈਸਲੇ ਨੂੰ ਹਾਈਕੋਰਟ ‘ਚ ਚੁਣੌਤੀ ਦਿੱਤੀ ਜਾਵੇਗੀ ਪਰ ਅੱਜ ਕਰੀਬ 6 ਮਹੀਨੇ ਬੀਤਣ ਉੱਤੇ ਵੀ ਸਰਕਾਰੀ ਪੱਧਰ ਉੱਤੇ ਇਸ ਪੱਖੋਂ ਕੋਈ ਗਤੀਵਿਧੀ ਨਹੀਂ ਵੇਖੀ ਜਾ ਸਕੀ।
ਪਟੀਸ਼ਨਰ ਵੱਲੋਂ ਹਾਈਕੋਰਟ ‘ਚ ਦਾਇਰ ਉਕਤ ਪਟੀਸ਼ਨ ਤਹਿਤ ਗੁਰਮੀਤ ਰਾਮ ਰਹੀਮ ਇੰਸਾ ਪੁੱਤਰ ਮੱਘਰ ਸਿੰਘ ਅਤੇ ਸਟੇਟ ਨੂੰ ਧਿਰ ਬਣਾਉਂਦਿਆਂ ਹੇਠਲੀ ਅਦਾਲਤ ਦਾ ਫ਼ੈਸਲਾ ਲਾਗੂ ਵਿਵਸਥਾਵਾਂ ਪੱਖੋਂ ਜਾਇਜ਼ ਨਾ ਕਹਿੰਦਿਆਂ ਫ਼ੌਰੀ ਰੱਦ ਕਰਨ ਦੀ ਮੰਗ ਰੱਖੀ ਗਈ ਹੈ।
ਬਠਿੰਡਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਨੇ ਅਗਸਤ ਮਹੀਨੇ ਦਿੱਤੇ ਆਪਣੇ ਫ਼ੈਸਲੇ ਵਿਚ ਡੇਰਾ ਸਿਰਸਾ ਮੁਖੀ ਿਖ਼ਲਾਫ਼ ਉਕਤ ਕੇਸ ਨੂੰ ਇਸ ਆਧਾਰ ‘ਤੇ ਰੱਦ ਕਰ ਦਿੱਤਾ ਸੀ ਕਿ ਪੁਲਿਸ ਲਾਗੂ ਕਾਨੂੰਨ ਮੁਤਾਬਿਕ ਤਿੰਨ ਸਾਲ ਦੇ ਅੰਦਰ-ਅੰਦਰ ਇਸ ਕੇਸ ਦਾ ਚਲਾਨ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ।
ਇਸ ਦੇ ਨਾਲ ਹੀ ਹੇਠਲੀ ਅਦਾਲਤ ਵੱਲੋਂ ਬਠਿੰਡਾ ਪੁਲਿਸ ਵੱਲੋਂ ਇਸ ਕੇਸ ਨੂੰ ਰੱਦ ਕਰਨ ਦੀ ਰਿਪੋਰਟ ਨੂੰ ਵੀ ਪ੍ਰਵਾਨ ਕਰ ਲਿਆ ਗਿਆ।
ਪੁਲਿਸ ਨੇ 27 ਜਨਵਰੀ 2012 ਨੂੰ ਅਦਾਲਤ ਵਿਚ ਪੇਸ਼ ਕੀਤੀ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਜਾਂਚ ਪੜਤਾਲ ਦੌਰਾਨ ਉਸ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਵਿਚ ਜੁਰਮ ਸਾਬਤ ਹੁੰਦਾ ਹੋਵੇ। ਪੁਲਿਸ ਨੇ ਅਦਾਲਤ ਨੂੰ ਇਹ ਕੇਸ ਖ਼ਤਮ ਕਰਨ ਦੀ ਬੇਨਤੀ ਕੀਤੀ ਸੀ।
ਹਾਈਕੋਰਟ ਵੱਲੋਂ 26 ਫਰਵਰੀ 2014 ਨੂੰ ਇਸ ‘ਤੇ ਫ਼ੈਸਲਾ ਸੁਣਾਉਂਦੇ ਹੋਏ ਹੇਠਲੀ ਅਦਾਲਤ ਵੱਲੋਂ ਡੇਰਾ ਮੁਖੀ ਿਖ਼ਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸ਼ਿਕਾਇਤ ‘ਤੇ ਅਦਾਲਤੀ ਗ਼ੌਰ ਬਾਰੇ ਭਾਰਤੀ ਦੰਡਾਵਲੀ ਅਨੁਸਾਰ ਪਾਲਣਾ ਨਾ ਕੀਤੀ ਗਈ ਹੋਣ ਉੱਤੇ ਹੇਠਲੇ ਫ਼ੈਸਲੇ ਨੂੰ ਰੱਦ ਕਰਦਿਆਂ ਕਾਨੂੰਨੀ ਨਜ਼ਰਸਾਨੀ ਦੀ ਖੁੱਲ੍ਹ ਦੇ ਦਿੱਤੀ ਗਈ ਸੀ।
ਬਠਿੰਡਾ ਪੁਲਿਸ ਵੱਲੋਂ 20 ਮਈ 2007 ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਵੱਖ-ਵੱਖ ਫ਼ਿਰਕਿਆਂ ਵਿਚ ਨਫ਼ਰਤ ਪੈਦਾ ਕਰਨ ਦੇ ਦੋਸ਼ ਹੇਠ ਧਾਰਾ 295-ਏ, 298 ਅਤੇ 153-ਏ ਅਧੀਨ ਰਾਮ ਰਹੀਮ ਿਖ਼ਲਾਫ਼ ਇਹ ਕੇਸ ਦਰਜ ਕੀਤਾ ਗਿਆ ਸੀ।
ਇਸ ਤਹਿਤ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਪੁੱਤਰ ਮੱਘਰ ਸਿੰਘ ਨੇ ਪੰਜਾਬ ਵਿਚਲੇ ਆਪਣੇ ਸਲਾਬਤਪੁਰਾ ਡੇਰੇ ਵਿਚ ਸਮਾਗਮ ਦੌਰਾਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭੇਖ ਧਾਰ ਇਕ ਅਤਿ ਸਤਿਕਾਰਤ ਤੇ ਪਵਿੱਤਰ ‘ਕਾਰਜ’ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।