ਨਵੀਂ ਦਿੱਲੀ (2 ਜੂਨ, 2015): ਸ਼੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਸਮੇਂ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਹੋਰ ਅਮੋਲਕ ਵਸਤਾਂ ਚੁੱਕ ਲਈਆਂ ਗਈਆਂ ਸਨ ਅਤੇ ਇਹ ਇਸ ਸਮੇਂ ਕੇਂਦਰ ਵਿੱਚ ਬਾਦਲ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਦੀ ਸਰਕਾਰ ਹੈ। ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਹੋਰ ਅਮੋਲਕ ਵਸਤੁਆਂ ਵਾਪਸ ਲਿਆਉਣ ਲਈ ਕੇਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਦੇ ਆਗੂ ਤੇ ਵਕੀਲ ਐਚ.ਐਸ ਫੂਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਈਵਾਲ ਹੋਣ ਕਰਕੇ ਭਾਰਤੀ ਫ਼ੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕੀਆਂ ਗਈਆਂ ਪਾਂਡੂਲਿਪੀਆਂ ਤੇ ਹੋਰ ਸਮਾਨ ਭਾਰਤ ਦੇ ਰੱਖਿਆ ਮੰਤਰਾਲੇ ਤੋਂ ਵਾਪਸ ਲਿਆ ਜਾਵੇ।
ਸ੍ਰ ਫੂਲਕਾ ਨੇ ਸ੍ਰੀ ਬਾਦਲ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਾਰੀ ਕੇਂਦਰ ਸਰਕਾਰ ਕੋਲ ਸਿੱਖ ਰੈਫਰੈਂਸ ਲਾਇਬਰੇਰੀ ਵਿੱਚੋਂ ਚੁੱਕੀਆਂ ਗਈਆਂ ਪਾਂਡੂਲਿਪੀਆਂ ਤੇ ਹੋਰ ਸਮਾਨ ਭਾਰਤੀ ਫ਼ੌਜ ਵੱਲੋਂ ਲੈ ਜਾਣ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਨ ਫੌਜੀ ਹਮਲਾ ਖਤਮ ਹੁੰਦੇ ਹੀ ਭਾਰਤੀ ਫ਼ੌਜ ਸ੍ਰੀ ਦਰਬਾਰ ਸਾਹਿਬ ’ਚੋਂ ਲੈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਮਾਨ ਬਾਬਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਇੱਕ ਮਾਮਲਾ ਵੀ ਦਿੱਲੀ ਹਾਈ ਕੋਰਟ ਵਿੱਚ ਪਾਇਆ ਹੋਇਆ ਹੈ।
ਸ੍ਰ ਫੂਲਕਾ ਨੇ ਨੁਕਤਾ ਉਠਾਇਆ ਕਿ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਅਹਿਮ ਭਾਈਵਾਲ ਹੈ ਤਾਂ ਉਪਰੋਕਤ ਸਾਮਾਨ ਬਾਰੇ ਕੇਂਦਰੀ ਰੱਖਿਆ ਮੰਤਰੀ ਤੇ ਪ੍ਰਧਾਨ ਮੰਤਰੀ ਕੋਲ ਮਾਮਲਾ ਉਠਾ ਕੇ ਇਤਿਹਾਸਕ ਮਹੱਤਵ ਦਾ ਦੁਰਲੱਭ ਸਮਾਨ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ 30 ਸਾਲਾਂ ਤੋਂ ਇਹ ਮਾਮਲਾ ਅਣਸੁਲਝਿਆ ਪਿਆ ਹੈ।