ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਆਪਣੇ ਆਪ ਨੂੰ ਕਾਂਗਰਸ ਦਾ ਨਹੀਂ ਸਗੋਂ ਕੈਪਟਨ ਦਾ ਸਲਾਹਕਾਰ ਦੱਸਣ ਦੇ ਦਿੱਤੇ ਗਏ ਬਿਆਨ ’ਤੇ ਬਾਦਲ ਦਲ ਦੀ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਦੇ ਬਿਆਨ ਨੂੰ ਦੋਹਰੀ ਮਾਨਸਿਕਤਾ ਦਾ ਪ੍ਰਤੀਕ ਦੱਸਿਆ ਹੈ। ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਸਰਨਾ ਦਾ ਬਿਆਨ ਚੰਗੇ ਸਮੇਂ ਦਾ ਹਮਸਫ਼ਰ ਅਤੇ ਮਾੜੇ ਸਮੇਂ ਤੋਂ ਕਿਨਾਰਾ ਕਰਨ ਵਰਗਾ ਹੈ। ਉਹ ਪੰਜਾਬ ਸਰਕਾਰ ਤੋਂ ਫਾਇਦੇ ਚੁੱਕਣ ਲਈ ਤਾਂ ਤਿਆਰ ਹਨ ਪਰ ਕਾਂਗਰਸ ਦੀ ਸਿੱਖ ਵਿਰੋਧੀ ਵਿਰਾਸਤ ਦੀ ਸੁਆਹ ਆਪਣੇ ਸਿਰ ਪੁਆਉਣ ਨੂੰ ਤਿਆਰ ਨਹੀਂ ਲਗਦੇ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸੀ ਮੁੱਖ ਮੰਤਰੀ ਦਾ ਸਲਾਹਕਾਰ ਕਾਂਗਰਸ ਦਾ ਸਲਾਹਕਾਰ ਕਿਵੇਂ ਨਹੀਂ ਹੈ?
ਬਾਦਲ ਦਲ ਦੀ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰਪਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਦੀਸ਼ ਟਾਈਟਲਰ ਨੂੰ 1984 ਸਿੱਖ ਕਤਲੇਆਮ ਮਾਮਲੇ ’ਚ ਦਿੱਤੀ ਗਈ ਕਲੀਨ ਚਿੱਟ ਬਾਰੇ ਪੁੱਛਿਆ ਕਿ ਸਰਨਾ ਵੀ ਜਗਦੀਸ਼ ਟਾਈਲਰ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਬੇਕਸੂਰ ਮੰਨਦੇ ਹਨ। ਜਾਰੀ ਬਿਆਨ ‘ਚ ਅੱਗੇ ਕਿਹਾ ਗਿਆ ਕਿ ਕਾਂਗਰਸੀ ਮੁੱਖ ਮੰਤਰੀ ਦਾ ਸਲਾਹਕਾਰ ਬਣਨ ਤੋਂ ਬਾਅਦ ਵੀ ਸਰਨਾ ਕਿਵੇਂ ਆਪਣੇ ਆਪ ਨੂੰ ਪੰਥਕ ਆਗੂ ਕਹਿ ਸਕਦੇ ਹਨ।
21 ਸਿੱਖਾਂ ਦੀ ਹਵਾਲਗੀ ਅਤੇ ਕਤਲ ਬਾਰੇ ਕੈਪਟਨ ਦੇ ਇਕਰਾਰਨਾਮੇ ਅਤੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਲਗਾਤਾਰ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਨਿਰਦੋਸ਼ ਲੋਕਾਂ ਖਿਲਾਫ਼ ਕੀਤੇ ਜਾ ਰਹੇ ਪਰਚਿਆਂ ’ਤੇ ਵੀ ਦਿੱਲੀ ਕਮੇਟੀ ਨੇ ਸਰਨਾ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।