ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਜਿਲ੍ਹੇ ਦੇ ਤਿੰਨ ਕਾਂਗਰਸੀ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਫੂਲਕਾ ਦੇ ਉਸ ਬਿਆਨ ਨੂੰ ਲੈ ਕੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਦਲੀਵਾਲ ਬੰਬ ਧਮਾਕਾ ਭਾਰਤੀ ਫੌਜ ਦੇ ਮੁੱਖੀ ਵਲੋਂ ਬੀਤੇ ਦਿਨੀ ਪੰਜਾਬ ਦੇ ਹਾਲਾਤਾਂ ਬਾਰੇ ਦਿੱਤੇ ਬਿਆਨ ਨੂੰ ਸਹੀ ਕਰਾਰ ਦੇਣ ਲਈ ਹੈ ।ਵਿਧਾਨ ਸਭਾ ਹਲਕਾ ਪੱਛਮੀ ਤੋਂ ਕਾਂਗਰਸੀ ਵਿਧਾਇਕ ਡਾ:ਰਾਜ ਕੁਮਾਰ, ਹਲਕਾ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਹਲਕਾ ਉੱਤਰੀ ਤੋਂ ਵਿਧਾਇਕ ਸੁਨੀਲ ਦੱਤੀ ਨੇ ਅੱਜ ਥਾਣਾ ਕੈਂਨਟੋਨਮੈਂਟ ਵਿਖੇ ਪਹੁੰਚ ਕੇ ਸ.ਫੂਲਕਾ ਖਿਲਾਫ ਜੇਰੇ ਧਾਰਾ 124 ਮਾਮਲਾ ਦਰਜ ਕਰਵਾਇਆ ਹੈ।ਪੁਲਿਸ ਪਾਸ ਦਰਜ ਕਰਵਾਈ ਸ਼ਿਕਾਇਤ ਵਿੱਚ ਕਾਂਗਰਸੀ ਵਿਧਾਇਕਾਂ ਨੇ ਦੋਸ਼ ਲਾਇਆ ਹੈ ਕਿ ਐਡਵੋਕੇਟ ਫੂਲਕਾ ਵਲੋਂ ਦਿੱਤਾ ਬਿਆਨ ਦੇਸ਼ ਨੂੰ ਵੰਡਣ ਵਾਲਾ ਤੇ ਭਾਰਤੀ ਫੌਜ ਦਾ ਮਨੋਬਲ ਡੇਗਣ ਵਾਲਾ ਹੈ ਕਿੳਂਕਿ ਸ.ਫੂਲਕਾ ਹਮੇਸ਼ਾਂ ਹੀ ਰਾਸ਼ਟਰ ਵਿਰੋਧੀ ਸੋਚ ਰੱਖਦੇ ਹਨ ਅਤੇ ਪੰਜਾਬ ਵਿੱਚ ਵੀ ਖਾਲਿਸਤਾਨੀ ਸੋਚ ਤੇ ਵਿਚਾਰਧਾਰਾ ਵਧਾਉਣ ਦਾ ਕਾਰਜ ਕਰਦੇ ਰਹਿੰਦੇ ਹਨ।ਆਗੂਆਂ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਜਿਸ ਆਮ ਆਦਮੀ ਪਾਰਟੀ ਦੇ ਸ.ਹਰਵਿੰਦਰ ਸਿੰਘ ਫੂਲਕਾ ਮੈਂਬਰ ਹਨ ਉਸੇ ਪਾਰਟੀ ਵਿੱਚ ਗਰਮ ਖਿਆਲੀ ਵਿਚਾਰਧਾਰਾ ਨੂੰ ਅੱਗੇ ਰੱਖਦੇ ਹਨ। ਕਾਂਗਰਸੀ ਆਗੂਆਂ ਨੇ ਸ.ਫੂਲਕਾ ਦੇ ਬਿਆਨ ਦੀ ਸੀਡੀ ਵੀ ਪੁਲਿਸ ਨੂੰ ਸੌਪੀ ਹੈ।
ਜਿਕਰਯੋਗ ਹੈ ਕਿ 3 ਨਵੰਬਰ ਨੂੰ ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਵਲੋਂ ਪੰਜਾਬ ਦੇ ਹਾਲਾਤਾਂ ਬਾਰੇ ਦਿੱਤੇ ਬਿਆਨ ਦਾ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਭਾਈ ਚਾਰੇ ਵਲੋਂ ਵਿਰੋਧ ਜਿਤਾਇਆ ਗਿਆ ਸੀ ।ਬੀਤੇ ਕਲ੍ਹ ਅੰਮ੍ਰਿਤਸਰ ਵਿਖੇ ਹੋਏ ਗ੍ਰਿਨੇਡ ਹਮਲੇ ਬਾਰੇ ਟਿਪਣੀ ਕਰਦਿਆਂ ਸ. ਫੂਲਕਾ ਨੇ ਕਿਹਾ ਸੀ ਕਿ ਹੋ ਸਕਦਾ ਇਹ ਹਮਲਾ ਫੌਜ ਦੇ ਮੁਖੀ ਦੇ ਬਿਆਨ ਨੂੰ ਸਹੀ ਕਰਾਰ ਦੇਣ ਲਈ ਹੋਵੇ ।
ਜਿਕਰਯੋਗ ਤਾਂ ਇਹ ਵੀ ਹੈ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿਧਾਨ ਸਭਾ ਵਿਚੱ ਰੱਖੇ ਜਾਣ ਉਪਰੰਤ ਸ.ਫੂਲਕਾ ਨੇ ਕੈਪਟਨ ਸਰਕਾਰ ਨੂੰ 15 ਦਿਨ ਦਾ ਸਮਾਂ ਦਿੰਦਿਆਂ ਕਿਹਾ ਸੀ ਕਿ ਜੇਕਰ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਉਹ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਤੇ ਉਨ੍ਹਾਂ ਨੇ ਕਾਂਗਰਸ ਸਰਕਾਰ ਦੀ ਅਸਫਲਤਾ ਵੇਖਦਿਆਂ ਅਸਤੀਫਾ ਦੇ ਦਿੱਤਾ।