ਨਵੀਂ ਦਿੱਲੀ/ਦੇਹਰਾਦੂਨ: ਭਾਰਤੀ ਮੀਡੀਆ ਮੁਤਾਬਕ ਚੀਨੀ ਫੌਜੀ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਇਲਾਕੇ ਵਿਚ ਭਾਰਤੀ ਖੇਤਰ ਵਿਚ ਇਕ ਕਿਲੋਮੀਟਰ ਤੱਕ ਇਸ ਮਹੀਨੇ ਦੋ ਵਾਰ ਘੁਸੇ। ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ 25 ਜੁਲਾਈ ਦੀ ਸਵੇਰ ਨੂੰ ਚੀਨ ਦੇ 15-20 ਫੌਜੀ ਚਮੋਲੀ ਜ਼ਿਲ੍ਹੇ ਵਿਚ 800 ਮੀਟਰ ਤਕ ਭਾਰਤੀ ਇਲਾਕੇ ਅੰਦਰ ਆਏ ਸਨ।
ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਚੀਨ ਯਾਤਰਾ ਤੋਂ ਇਕ ਦਿਨ ਪਹਿਲਾਂ ਇਹ ਘਟਨਾ ਵਾਪਰੀ ਸੀ। ਭਾਰਤ ਮੁਤਾਬਕ ਘੁਸਪੈਠ ਦੀ ਪਹਿਲੀ ਘਟਨਾ 15 ਜੁਲਾਈ ਤੇ ਦੂਸਰੀ 25 ਜੁਲਾਈ ਨੂੰ ਵਾਪਰੀ। ਦੋਵਾਂ ਘਟਨਾਵਾਂ ਵਿਚ 15-20 ਚੀਨੀ ਫੌਜੀ ਭਾਰਤੀ ਇਲਾਕੇ ਵਿਚ ਆਏ ਅਤੇ ਕੁਝ ਸਮਾਂ ਰੁਕਣ ਪਿੱਛੋਂ ਵਾਪਸ ਚਲੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ 25 ਜੁਲਾਈ ਨੂੰ ਚੀਨੀ ਫੌਜੀ ਭਾਰਤੀ ਇਲਾਕੇ ਵਿਚ ਦਾਖ਼ਲ ਹੋਏ ਅਤੇ ਉਥੇ ਦੋ ਘੰਟੇ ਠਹਿਰਣ ਦੌਰਾਨ ਉਨ੍ਹਾਂ ਨੇ ਪਸ਼ੂ ਚਾਰ ਰਹੇ ਆਜੜੀਆਂ ਨੂੰ ਵੀ ਧਮਕਾਇਆ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਇਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਪੀਟੀਆਈ ਨੂੰ ਦੱਸਿਆ ਕਿ ਚੀਨੀ ਫੌਜੀ ਸਾਡੇ ਖੇਤਰ ਵਿਚ ਆਏ ਸਨ ਅਤੇ ਕੁਝ ਸਮਾਂ ਰੁਕਣ ਪਿੱਛੋਂ ਵਾਪਸ ਚਲੇ ਗਏ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ 140 ਕਿਲੋਮੀਟਰ ਦੂਰ ਬਾਰਾਹੋਤੀ 80 ਵਰਗ ਕਿਲੋਮੀਟਰ ਦਾ ਢਲਾਨ ਵਾਲਾ ਖੇਤਰ ਹੈ ਜਿਹੜਾ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿਚਕਾਰ ਵਾਲੇ ਖੇਤਰ ਵਿਚ ਪੈਂਦੀਆਂ ਤਿੰਨ ਸਰਹੱਦੀ ਚੌਕੀਆਂ ਵਿੱਚੋਂ ਵਿਚਕਾਰਲੀ ਚੌਕੀ ਵਾਲਾ ਇਲਾਕਾ ਹੈ। ਇਹ ਫੌਜ ਰਹਿਤ ਜ਼ੋਨ ਹੈ ਜਿਥੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਮੁਲਾਜ਼ਮਾਂ ਨੂੰ ਆਪਣੇ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ। 1958 ਵਿਚ ਭਾਰਤ ਅਤੇ ਚੀਨ ਨੇ ਬਾਰਾਹੋਤੀ ਨੂੰ ਵਿਵਾਦ ਵਾਲਾ ਇਲਾਕਾ ਮੰਨਿਆ ਸੀ, ਜਿਥੇ ਕੋਈ ਵੀ ਧਿਰ ਆਪਣੇ ਸੈਨਿਕ ਨਹੀਂ ਭੇਜੇਗੀ।
ਭਾਰਤ ਮੁਤਾਬਕ 1962 ਦੀ ਜੰਗ ਵਿਚ ਚੀਨ ਦੀ ਫੌਜ ਵਿਚਕਾਰ ਵਾਲੇ ਖੇਤਰ ਵਿਚ ਦਾਖ਼ਲ ਨਹੀਂ ਸੀ ਹੋਈ ਅਤੇ ਉਸ ਨੇ ਆਪਣਾ ਧਿਆਨ ਪੱਛਮ (ਲਦਾਖ) ਅਤੇ ਪੂਰਬ (ਅਰੁਣਾਚਲ ਪ੍ਰਦੇਸ਼) ‘ਤੇ ਕੇਂਦਰਤ ਰੱਖਿਆ ਸੀ। ਜੰਗ ਪਿੱਛੋਂ ਆਈ. ਟੀ. ਬੀ. ਪੀ. ਦੇ ਜਵਾਨ ਹਥਿਆਰਾਂ ਨਾਲ ਇਲਾਕੇ ਵਿਚ ਬੰਦੂਕਾਂ ਦੇ ਮੂੰਹ ਹੇਠਾਂ ਵੱਲ ਕਰਕੇ ਸਧਾਰਨ ਤਰੀਕੇ ਨਾਲ ਗਸ਼ਤ ਕਰਦੇ ਰਹੇ। ਸਰਹੱਦੀ ਝਗੜੇ ਦੇ ਹੱਲ ਲਈ ਸਮਝੌਤਾ ਗੱਲਬਾਤ ਦੌਰਾਨ ਭਾਰਤੀ ਧਿਰ ਜੂਨ 2000 ਵਿਚ ਇਕਪਾਸੜ ਤੌਰ ‘ਤੇ ਸਹਿਮਤ ਹੋ ਗਈ ਕਿ ਆਈ. ਟੀ. ਬੀ. ਪੀ. ਦੇ ਜਵਾਨ ਹਿਮਾਚਲ ਪ੍ਰਦੇਸ਼ ਵਿਚ ਤਿੰਨੇ ਚੌਕੀਆਂ ਬਾਰਾਹੋਤੀ, ਕੌਰਿਲ ਅਤੇ ਸ਼ਿਪਕੀ ਵਿਚ ਹਥਿਆਰ ਲੈ ਕੇ ਨਹੀਂ ਜਾਣਗੇ। ਹੁਣ ਆਈ. ਟੀ. ਬੀ. ਪੀ. ਦੇ ਜਵਾਨ ਆਮ ਕੱਪੜਿਆਂ ਵਿਚ ਗਸ਼ਤ ਕਰਦੇ ਹਨ ਅਤੇ ਬਾਰਾਹੋਤੀ ਇਲਾਕੇ ਵਿਚ ਸਰਹੱਦੀ ਪਿੰਡਾਂ ਦੇ ਭਾਰਤੀ ਆਜੜੀ ਆਪਣੀਆਂ ਭੇਡਾਂ ਚਾਰਦੇ ਹਨ ਅਤੇ ਤਿੱਬਤ ਦੇ ਲੋਕ ਆਪਣੇ ਯਾਕ ਚਾਰਨ ਲਈ ਲੈ ਕੇ ਆਉਂਦੇ ਹਨ।
ਸਬੰਧਤ ਖ਼ਬਰ: ਪੰਜਾਬ, ਕਸ਼ਮੀਰ ਦੀ ਸਰਹੱਦ ‘ਤੇ ਜੰਗ ਦੀ ਬਜਾਏ ਉਤਰਾਖੰਡ ਵੱਲ ਜੰਗ ਕਰੇ ਜਨਰਲ ਰਾਵਤ: ਮਾਨ …