'ਆਪ' ਔਰਤ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਦਿੱਲੀ ਦੇ ਵਿਧਾਇਕ ਦੇਵੇਂਦਰ ਸ਼ੇਰਾਵਤ ਦੇ ਖਿਲਾਫ ਪੰਜਾਬ ਮਹਿਲਾ ਆਯੋਗ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ

ਸਿਆਸੀ ਖਬਰਾਂ

ਦੇਵੇਂਦਰ ਸ਼ੇਰਾਵਤ ਖਿਲਾਫ ਪੰਜਾਬ ਮਹਿਲਾ ਆਯੋਗ ਦੇ ਕੋਲ ਪਹੁੰਚਿਆ ‘ਆਪ’ ਦਾ ਔਰਤ ਵਿੰਗ

By ਸਿੱਖ ਸਿਆਸਤ ਬਿਊਰੋ

September 07, 2016

ਚੰਡੀਗੜ: ਆਮ ਆਦਮੀ ਪਾਰਟੀ ਦੇ ਔਰਤ ਵਿੰਗ ਨੇ ਦਿੱਲੀ ਦੇ ਵਿਧਾਇਕ ਦੇਵੇਂਦਰ ਸ਼ੇਰਾਵਤ ‘ਤੇ ਪੰਜਾਬ ਦੀਆਂ ਔਰਤਾਂ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪੰਜਾਬ ਮਹਿਲਾ ਆਯੋਗ ਦੇ ਕੋਲ ਦੇਵੇਂਦਰ ਸ਼ੇਰਾਵਤ ਖਿਲਾਫ ਸ਼ਿਕਾਇਤ ਕੀਤੀ ਹੈ।

ਮੰਗਲਵਾਰ ਨੂੰ ਪਾਰਟੀ ਦੀ ਔਰਤ ਵਿੰਗ ਪ੍ਰਧਾਨ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ ਵਾਲੇ ਔਰਤ ਵਫਦ ਨੇ ਪੰਜਾਬ ਮਹਿਲਾ ਆਯੋਗ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾ ਦੇ ਕੋਲ ਦਿੱਲੀ ਦੇ ਬ੍ਰਿਜਵਾਸਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੇਵੇਂਦਰ ਸ਼ੇਰਾਵਤ ਖਿਲਾਫ ਲਿਖਤ ਸ਼ਿਕਾਇਤ ਕੀਤੀ ਹੈ। ਪ੍ਰੋ. ਬਲਜਿੰਦਰ ਕੌਰ ਮੁਤਾਬਕ ਦੇਵੇਂਦਰ ਸ਼ੇਰਾਵਤ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲਿਖੀ ਚਿੱਠੀ ਨੂੰ ਅਖਬਾਰਾਂ ‘ਚ ਪੜ੍ਹ ਅਤੇ ਟੀ.ਵੀ. ਚੈਨਲਾਂ ‘ਤੇ ਸੁਣ ਕੇ ਮਹਿਲਾ ਹੋਣ ਦੇ ਨਾਤੇ ਉਹਨਾਂ ਦੇ ਮਨ ‘ਤੇ ਗਹਿਰੀ ਸੱਟ ਲਗੀ ਹੈ, ਕਿਉਂਕਿ ਚਿੱਠੀ ਵਿਚ ਬਿਨਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਲਿਖੇ ਸੀਨੀਅਰ ਆਗੂ ਸੰਜੇ ਸਿੰਘ , ਦੁਰਗੇਸ਼ ਪਾਠਕ ਅਤੇ ਦਿਲੀਪ ਪਾਂਡੇ ਉਤੇ ਟਿਕਟਾਂ ਦੇ ਨਾਂ ‘ਤੇ ਪੰਜਾਬ ਦੀਆਂ ਔਰਤਾਂ ਦਾ ਸ਼ੋਸ਼ਣ ਕਰਨ ਦੇ ਕਥਿਤ ਦੋਸ਼ ਲਗਾਏ ਤਾਂ ਜੋ ਆਮ ਆਦਮੀ ਪਾਰਟੀ ਦੇ ਅਕਸ ਨੂੰ ਖਰਾਬ ਕੀਤਾ ਜਾ ਸਕੇ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਾ ਲੈ ਕੇ ਪੂਰੇ ਪੰਜਾਬ ਦੀਆਂ ਔਰਤਾਂ ਦੇ ਚਰਿਤਰ ‘ਤੇ ਸਵਾਲਿਆ ਨਿਸ਼ਾਨ ਲਗਾ ਦਿੱਤੇ ਨੇ, ਜੋ ਕਿ ਨਿੰਦਣਯੋਗ ਅਤੇ ਮੰਦਭਾਗਾ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦੇਵੇਂਦਰ ਸ਼ੇਰਾਵਤ ਨੇ ਨਾ ਸਿਰਫ ਪੰਜਾਬ ਦੀਆਂ ਔਰਤਾਂ ਬਲਕਿ ਪੂਰੇ ਪੰਜਾਬ ਨੂੰ ਅਪਮਾਨਤ ਕੀਤਾ ਹੈ। ਇਸਦੇ ਲਈ ਦੇਵੇਂਦਰ ਸ਼ੇਰਾਵਤ ਦੇ ਖਿਲਾਫ ਕਾਨੂੰਨ ਦੇ ਮੁਤਾਬਕ ਕੜੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਦੇ ਇਸ ਵਫਦ ਵਿਚ ਪਾਰਟੀ ਦੇ ਬੁਲਾਰੇ ਯਾਮਿਨੀ ਗੌਮਰ, ਔਰਤ ਵਿੰਗ ਦੀ ਆਗੂ ਰਾਜਵਿੰਦਰ ਕੌਰ ਜਲੰਧਰ, ਜਸਬੀਰ ਕੌਰ ਜਰਗ, ਰਿੱਮੀ ਜਲੰਧਰ, ਕੁਲਦੀਪ ਕੌਰ ਪਟਿਆਲਾ ਅਤੇ ਨੀਮਾ ਮਿੱਤਲ ਪਟਿਆਲਾ ਮੌਜੂਦ ਸੀ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਦਿਲੀਪ ਪਾਂਡੇ ਦੇ ਖਿਲਾਫ ਲਗਾਏ ਗਏ ਆਰੋਪ ਪੂਰੀ ਤਰਾਂ ਬੇਬੁਨਿਆਦ, ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਹਨ।

ਬਾਅਦ ਵਿਚ ਪੱਤਰਕਾਰਾਂ ਨੂੰ ਪ੍ਰਤੀਕਿਆ ਦਿੰਦੇ ਹੋਏ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦੇਵੇਂਦਰ ਸ਼ੇਰਾਵਤ ਨੇ ਬਿਨਾਂ ਕਿਸੇ ਸਬੂਤ ਅਤੇ ਨਾਂ ਲਏ ਬਿਨਾਂ ਸਿਆਸਤ ਤੋਂ ਪ੍ਰੇਰਿਤ ਹੋ ਕੇ ‘ਆਪ’ ਆਗੂਆ ‘ਤੇ ਝੂਠੇ ਆਰੋਪ ਲਗਾਏ ਹਨ। ਇਸ ਲਈ ਸੰਜੇ ਸਿੰਘ ਸਮੇਤ ਹੋਰ ‘ਆਪ’ ਨੇਤਾ ਵਿਧਾਇਕ ਦੇਵੇਂਦਰ ਸ਼ੇਰਾਵਤ ‘ਤੇ ਮਾਨਹਾਨੀ ਦਾ ਮੁਕਦਮਾ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: