Site icon Sikh Siyasat News

ਨੀਲੇ ਕਾਰਡਾਂ ਦੀ ਹੇਰਾ ਫੇਰੀ ਵਿਚ ਰਾਜਨੀਤਕ ਅਤੇ ਭ੍ਰਿਸ਼ਟ ਅਫਸਰ ਸ਼ਾਮਲ: ਜਸਬੀਰ ਸਿੰਘ ਬੀਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਲੰਟੀਅਰ ਸੂਬੇ ਵਿਚਲੇ ਉਨ੍ਹਾਂ ਸਿਵਲ ਅਤੇ ਪੁਲਿਸ ਅਧਿਕਾਰੀਆਂ ‘ਤੇ ਨਜ਼ਰ ਰੱਖਣਗੇ ਜੋ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਗ਼ੈਰ-ਕਾਨੂੰਨੀ ਵਪਾਰਾਂ ਨੂੰ ਪ੍ਰਫੁੱਲਿਤ ਕਰਨ ਵਿਚ ਲੱਗੇ ਹੋਏ ਹਨ। ਅਜਿਹੇ ਅਫਸਰ ਜੋ ਕਿ ਅਕਾਲੀ ਸਰਕਾਰ ਦੁਆਰਾ ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਏ ਗਏ ਹਲਕਾਂ ਇੰਚਾਰਜਾਂ ਦੇ ਇਸ਼ਾਰਿਆਂ ‘ਤੇ ਕੰਮ ਕਰਦੇ ਹਨ, ਦੀ ਵੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇਗੀ।

‘ਆਪ’ ਦੇ ਪ੍ਰਸ਼ਾਸਨਿਕ ਅਤੇ ਸ਼ਿਕਾਇਤ ਸੈਲ ਦੇ ਮੁਖੀ ਜਸਬੀਰ ਸਿੰਘ ਬੀਰ, ਆਈ.ਏ.ਐਸ. (ਸੇਵਾ ਮੁਕਤ) ਪ੍ਰੈਸ ਨੂੰ ਸੰਬੋਧਤ ਹੁੰਦੇ ਹੋਏ (ਫਾਈਲ ਫੋਟੋ)

‘ਆਪ’ ਦੁਆਰਾ ਬੁੱਧਵਾਰ ਨੂੰ ਜਾਰੀ ਪ੍ਰੈਸ ਬਿਆਨ ਵਿਚ ਪ੍ਰਸ਼ਾਸਨਿਕ ਅਤੇ ਸ਼ਿਕਾਇਤ ਸੈਲ ਦੇ ਮੁਖੀ ਜਸਬੀਰ ਸਿੰਘ ਬੀਰ, ਆਈ.ਏ.ਐਸ. (ਸੇਵਾ ਮੁਕਤ) ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਨੇਤਾਵਾਂ ਦੀ ਸਰਪ੍ਰਸਤੀ ਹੇਠਾਂ ਭੂ, ਰੇਤਾ ਅਤੇ ਟਰਾਂਸਪੋਰਟ ਮਾਫੀਆ ਫਲ-ਫੁੱਲ ਰਿਹਾ ਹੈ। ਇਸ ਵਿਚ ਕੁਝ ਕੁ ਭ੍ਰਿਸ਼ਟ ਅਪਸਰ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਫਸਰਾਂ ਨੂੰ ਭ੍ਰਿਸ਼ਟ ਨੇਤਾਵਾਂ ਦੇ ਇਸ਼ਾਰਿਆਂ ‘ਤੇ ਕੰਮ ਕਰਨੇ ਬੰਦ ਕਰਕੇ ਲੋਕਾਂ ਦੇ ਹਿੱਤਾਂ ਵਿਚ ਕੰਮ ਕਰਨੇ ਚਾਹੀਦੇ ਹਨ।

ਬੀਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਗ਼ਰੀਬਾਂ ਦੀ ਭਲਾਈ ਲਈ ਨਿਰਧਾਰਤ ਸਰਕਾਰੀ ਫੰਡਾਂ ਨੂੰ ਵੀ ਅਕਾਲੀ ਦਲ ਦੇ ਲੀਡਰ ਆਪਣੀ ਇੱਛਾ ਅਨੁਸਾਰ ਹੋਰ ਕਾਰਜਾਂ ਲਈ ਵਰਤ ਰਹੇ ਹਨ। ਬੀਰ ਨੇ ਕਿਹਾ ਕਿ ਇਥੋਂ ਤਕ ਕਿ ਗ਼ਰੀਬ ਅਤੇ ਹੱਕਦਾਰ ਲੋਕਾਂ ਨੂੰ ਨੀਲੇ ਕਾਰਡ ਬਣਾਉਣ ਅਤੇ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਲਈ ਵੀ ਅਕਾਲੀ ਨੇਤਾਵਾਂ ਦੀ ਸਿਫਾਰਿਸ਼ ਦੀ ਜ਼ਰੂਰਤ ਪੈਂਦੀ ਹੈ।

ਬੀਰ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਫੰਡ ਦੇਣ ਸਮੇਂ ਵੀ ਉਨ੍ਹਾਂ ਵਿਚ ਰਾਜਨੀਤਕ ਆਧਾਰ ‘ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਅਕਾਲੀ ਦਲ ਤੋਂ ਬਿਨਾਂ ਹੋਰ ਪਾਰਟੀਆਂ ਨਾਲ ਸਬੰਧਤ ਸਰਪੰਚਾਂ ਦੇ ਪਿੰਡਾਂ ਨੂੰ ਸਰਕਾਰੀ ਫੰਡਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਤਾਂ ਧਰਮ ਨੂੰ ਵੀ ਨਾ ਬਖਸ਼ਿਆ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਲਈ ਵੀ ਅਕਾਲੀ ਹਲਕਾ ਇੰਚਾਰਜਾਂ ਦੀ ਸਿਫਾਰਿਸ਼ ਲਈ ਨਾਵਾਂ ਨੂੰ ਸ਼ਾਮਲ ਕੀਤਾ ਗਿਆ, ਜਦੋਂ ਕਿ ਇਹ ਕੰਮ ਸਰਕਾਰੀ ਅਫਸਰਾਂ ਦਾ ਹੁੰਦਾ ਹੈ।

ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਝੂਠੇ ਮੁਕਦਮੇ ਦਰਜ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਚੇਤਾਵਨੀ ਦਿੰਦੇ ਬੀਰ ਨੇ ਕਿਹਾ ਕਿ ਉਹ ਯੂਥ ਅਕਾਲੀ ਦਲ ਅਤੇ ਸੋਈ ਦੇ ਆਗੂਆਂ ਦੇ ਇਸ਼ਾਰਿਆਂ ‘ਤੇ ਬੇਕਸੂਰ ਨੌਜਵਾਨਾਂ ਉੱਤੇ ਪਰਚੇ ਦਰਜ ਕਰਨੇ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਜਿਹੇ ਅਫਸਰਾਂ ਦੇ ਖਿਲਾਫ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਕਾਲੀ ਭਾਜਪਾ ਸਰਕਾਰ ਦੁਆਰਾ ਸਰਕਾਰੀ ਪੈਸੇ ਦੀ ਦੁਰਵਰਤੋਂ ਬਾਰੇ ਬੋਲਦਿਆਂ ਬੀਰ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਸਰਕਾਰੀ ਕਰਮਚਾਰੀ ਕਈ ਮਹੀਨਿਆਂ ਤੋਂ ਤਨਖਾਹ ਦੀ ਉਡੀਕ ਵਿਚ ਬੈਠੇ ਹਨ ਅਤੇ ਦੂਜੇ ਪਾਸੇ ਅਕਾਲੀ ਦਲ ਦੁਆਰਾ ਬਣਾਏ ਗਏ ਚੇਅਰਮੈਨ ਅਤੇ ਹੋਰ ਆਗੂ ਖੁੱਲ੍ਹ ਕੇ ਨਜਾਇਜ਼ ਢੰਗ ਨਾਲ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।

ਇਸ ਮੌਕੇ ‘ਤੇ ਪ੍ਰਸ਼ਾਸਨਿਕ ਅਤੇ ਸ਼ਿਕਾਇਤ ਸੈਲ ਵਲੋਂ ਨਵੇਂ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ। ਜਿਸ ਵਿਚ ਡਾ. ਹਰਕੇਸ਼ ਸਿੰਘ ਸਿੱਧੂ ਆਈ.ਏ.ਐਸ. (ਸੇਵਾ ਮੁਕਤ), ਸੁਰਿੰਦਰ ਸਿੰਘ ਸੋਢੀ ਆਈ.ਪੀ.ਐਸ. (ਸੇਵਾ ਮੁਕਤ), ਸੁਖਬੀਰ ਸਿੰਘ ਮਾਨ, ਜੇ.ਪੀ. ਸਿੰਘ, ਐਸ.ਐਸ. ਮੁਲਤਾਨੀ ਅਤੇ ਜਰਨੈਲ ਸਿੰਘ ਆਈ.ਐਫ.ਐਸ. (ਸੇਵਾ ਮੁਕਤ) ਨੂੰ ਵਿੰਗ ਦਾ ਮੀਤ ਪ੍ਰਧਾਨ ਥਾਪਿਆ ਗਿਆ। ਅਮਰਜੀਤ ਸਿੰਘ ਵਾਲੀਆ, ਡਾ. ਗੁਰਜੋਤ ਸਿੰਘ, ਗੁਰਮੀਤ ਸਿੰਘ ਸੰਧੂ ਅਤੇ ਦਰਸ਼ਨ ਸਿੰਘ ਨੂੰ ਜੁਆਇੰਟ ਸੈਕਟਰੀ ਬਣਾਇਆ ਗਿਆ।

ਬੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਗੰਭੀਰ, ਮਿਹਨਤੀ ਅਤੇ ਸਮਰਪਿਤ ਵਲੰਟੀਅਰ ਪਾਰਟੀ ਦੇ ਸਾਰੇ ਕਾਰਜਾਂ ਵਿਚ ਪ੍ਰਮੁੱਖ ਭੂਮਿਕਾਵਾਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਵੀ ਹੇਠਲੇ ਪੱਧਰ ਦੇ ਵਲੰਟੀਅਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਹੀ ਹੋਵੇਗੀ। ਜੇਕਰ ਕੋਈ ਕਿਸੇ ਵਲੰਟੀਅਰ ਨੂੰ ਕਿਸੇ ਪ੍ਰਕਾਰ ਦਾ ਕੋਈ ਸ਼ਿਕਵਾ ਜਾਂ ਸ਼ਿਕਾਇਤ ਹੋਵੇ ਤਾਂ ਉਹ ਸੈਲ ਦੇ ਅਧਿਕਾਰੀਆਂ ਨਾਲ ਮਸ਼ਵਰਾ ਕਰ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version