Site icon Sikh Siyasat News

ਕਾਂਗਰਸ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ‘ਆਪ’ ਸ਼ੁਰੂ ਕਰੇਗੀ ਸੂਬਾ ਪੱਧਰੀ ਮੁਜ਼ਾਹਰੇ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਪੁੱਛਿਆ ਹੈ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਤਿੰਨ ਨਿੱਜੀ ਥਰਮਲ ਪਲਾਂਟਾਂ ਅਤੇ ਪੇਡਾ ਰਾਹੀਂ ਗੈਰ ਰਵਾਇਤੀ ਊਰਜਾ ਪ੍ਰੋਜੈਕਟ ਕੰਪਨੀਆਂ ਨਾਲ ਬੇਹੱਦ ਮਹਿੰਗੀਆਂ ਦਰਾਂ ‘ਤੇ ਬਿਜਲੀ ਖ਼ਰੀਦਣ ਸੰਬੰਧੀ ਕੀਤੇ ਸਮਝੌਤਿਆਂ ਨੂੰ ਰੱਦ ਕਰ ਕੇ ਵਾਜਬ ਦਰਾਂ ਉੱਤੇ ਨਵੇਂ ਸਿਰਿਓਂ ਸਮਝੌਤੇ ਕਰਨ ਵਾਲੇ ਆਪਣੇ ਚੋਣ ਵਾਅਦੇ ਤੋਂ ਕਿਉਂ ਭੱਜ ਰਹੀ ਹੈ? ਇੱਕ ਸਾਂਝੇ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਮੀਤ ਪ੍ਰਧਾਨ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਇਸ ਕਾਰਵਾਈ ਲਈ ਵੀ ਖ਼ਜ਼ਾਨੇ ‘ਚ ਪੈਸਿਆਂ ਦੀ ਕਮੀ ਅੜਿੱਕਾ ਬਣੀ ਹੈ? ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਨਾਲ ਮਿਲ ਕੇ ਕੀਤੇ ਗਏ ਕਰੋੜਾਂ-ਅਰਬਾਂ ਰੁਪਏ ਦੇ ਘਪਲੇ ‘ਚ ਹਿੱਸੇਦਾਰ ਬਣ ਗਏ ਹਨ? ਜਿਸ ਦੀ ਕੀਮਤ ਪੰਜਾਬ ਦੇ ਲੋਕਾਂ ਨੂੰ ਆਪਣੀ ਜੇਬ ‘ਚੋ ਚੁਕਾਉਣੀ ਪੈ ਰਹੀ ਹੈ।

ਭਗਵੰਤ ਮਾਨ (ਫਾਈਲ ਫੋਟੋ)

ਭਗਵੰਤ ਮਾਨ ਨੇ ਕਿਹਾ ਕਿ “ਜਾਖੜ ਸਾਹਿਬ! ਇਹ ਨਾ ਦੱਸੋ ਕਿ ਬਾਦਲਾਂ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਮਿਲ ਕੇ ਮਹਿੰਗੀ ਬਿਜਲੀ ਦੇ ਕੰਡੇ ਬੀਜੇ ਹਨ, ਕਿਉਂਕਿ ਇਹ ਗੱਲ ਤਾਂ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਬਾਦਲਾਂ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਮਹਿੰਗੇ ਭਾਅ ਦੇ ਸਮਝੌਤੇ ਕਰਨ ਲਈ ਕਰੋੜਾਂ-ਅਰਬਾਂ ਦੀ ਦਲਾਲੀ ਦਾ ਖੇਡ-ਖੇਡਿਆ ਹੈ। ਇਸ ਲਈ ਜਾਖੜ ਸਾਹਿਬ ਇਹ ਦੱਸੋ ਕਿ 7 ਮਹੀਨਿਆਂ ਦੀ ਸੱਤਾ ਦੌਰਾਨ ਵੱਡੇ ਭ੍ਰਿਸ਼ਟਾਚਾਰ ਨਾਲ ਭਰੇ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਅਤੇ ਨਵੇਂ ਸਿਰਿਓਂ ਸਮਝੌਤੇ ਕਰਨ ਲਈ ਤੁਹਾਡੀ ਕਾਂਗਰਸ ਦੀ ਸਰਕਾਰ ਨੇ ਕੀ ਕਦਮ ਚੁੱਕਿਆ ਹੈ? ਜੇ ਨਹੀਂ ਚੁੱਕਿਆ ਤਾਂ ਕਿਹੜੀਆਂ ਤਾਕਤਾਂ ਇਸ ਲੋਕ-ਹਿਤੈਸ਼ੀ ਕਦਮ ਨੂੰ ਰੋਕ ਰਹੀਆਂ ਹਨ? ਪੰਜਾਬ ਦੀ ਜਨਤਾ ਇਹ ਜਾਣਨ ਲਈ ਤੁਹਾਡੇ ਵੱਲ ਵੇਖ ਰਹੀ ਹੈ, ਕਿਉਂਕਿ ਐਨੀ ਮਹਿੰਗੀ ਬਿਜਲੀ ਨੇ ਹਰ ਆਮ-ਖ਼ਾਸ ਦੇ ਨਾਸੀਂ ਧੂੰਆਂ ਕੱਢ ਰੱਖਿਆ ਹੈ”

ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ (ਫਾਈਲ ਫੋਟੋ)

ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਐਗਰੀਮੈਂਟ ਰੱਦ ਕਰ ਕੇ ਸੂਬੇ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਅਤੇ ਬਾਦਲਾਂ ਤੋਂ ਇਸ ਘੋਟਾਲੇ ਦਾ ਹਿਸਾਬ ਲਿਆ ਜਾਵੇਗਾ। ਪਰ ਸਰਕਾਰ ਬਣਨ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਨਿੱਜੀ ਥਰਮਲ ਪਲਾਂਟਾਂ ਟੀ.ਐਸ.ਪੀ.ਐਲ ਤਲਵੰਡੀ ਸਾਬੋ, ਜੀ.ਵੀ.ਕੇ ਗੋਇੰਦਵਾਲ ਸਾਹਿਬ ਅਤੇ ਐਨ.ਪੀ.ਐਲ ਰਾਜਪੁਰਾ ਨਾਲ ਕੀਤੇ ਸਮਝੌਤੇ ਰੱਦ ਕਰ ਕੇ ਨਵਿਆਉਣ ਦੀ ਥਾਂ ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਹੀ ਬੰਦ ਕਰਨ ਦਾ ਮੰਦਭਾਗਾ ਫ਼ੈਸਲਾ ਲੈ ਲਿਆ, ਜਿਸ ਨਾਲ ਜਿੱਥੇ ਪੰਜਾਬ ਦੇ ਲੋਕਾਂ ਦੀ ਸਸਤੀ ਬਿਜਲੀ ਦੀ ਉਮੀਦ ਟੁੱਟ ਗਈ ਹੈ। ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਨੌਕਰੀਆਂ ਅਤੇ ਰੁਜ਼ਗਾਰ ਉੱਤੇ ਵੀ ਗਾਜ ਡੇਗ ਦਿੱਤੀ ਹੈ।

ਆਮ ਆਦਮੀ ਪਾਰਟੀ ਪੰਜਾਬੇ ਦੇ ਮੀਤ ਪ੍ਰਧਾਨ ਅਮਨ ਅਰੋੜਾ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਅਮਨ ਅਰੋੜਾ ਨੇ ਕਿਹਾ ਕਿ ਜਾਖੜ ਨੇ ਖ਼ੁਦ ਮੰਨਿਆ ਹੈ ਕਿ ਤਲਵੰਡੀ ਸਾਬੋ ਤੋਂ 5.40 ਰੁਪਏ, ਗੋਇੰਦਵਾਲ ਸਾਹਿਬ ਤੋਂ 8.70 ਰੁਪਏ ਅਤੇ ਰਾਜਪੁਰਾ ਥਰਮਲ ਪਲਾਂਟ ਤੋਂ 3.40 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦੇ ਜਾਣ ਦੇ ਨਾਲ-ਨਾਲ ਇਹ ਸਮਝੌਤਾ ਹੋਇਆ ਹੈ ਕਿ ਬਿਜਲੀ ਖ਼ਰੀਦੋ ਚਾਹੇ ਨਾ ਪਰ ਪੰਜਾਬ ਸਰਕਾਰ ਨੂੰ ਇਹਨਾਂ ਤਿੰਨਾਂ ਥਰਮਲ ਪਲਾਂਟਾਂ ਨੂੰ 3700 ਕਰੋੜ ਰੁਪਏ ‘ਫਿਕਸਡ ਚਾਰਜ’ ਵਜੋਂ ਦੇਣੇ ਹੀ ਪੈਣਗੇ। ਜਦਕਿ ਇਹਨਾਂ ਦੇ ਉਲਟ ਸਰਕਾਰੀ ਥਰਮਲ ਪਲਾਂਟਾਂ ਦੀ ਬਿਜਲੀ ਬੇਹੱਦ ਸਸਤੀ ਦਰ ‘ਤੇ ਪੈਦਾ ਹੋ ਰਹੀ ਹੈ, ਐਨਾ ਹੀ ਨਹੀਂ ਸਾਸਨ ਬਿਜਲੀ ਘਰ 1.32 ਰੁਪਏ ਅਤੇ ਮੁੰਦਰਾ ਥਰਮਲ ਪਲਾਂਟ ਤੋਂ 2.20 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਜਾ ਰਹੀ ਹੈ।

ਆਮ ਆਦਮੀ ਪਾਰਟੀ ਨੇ ਕਿਹਾ ਕਿ ‘ਆਪ’ ਸੂਬਾ ਪੱਧਰੀ ਮੁਹਿੰਮ ਵਿੱਢੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਵੀ ਪੁਤਲੇ ਫੂਕੇ ਜਾਣਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

AAP to start statewide agitation against corrupt practices of government …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version