ਚੰਡੀਗੜ੍ਹ: ਬੀਤੇ ਹਫਤੇ ਦੌਰਾਨ ਨਸ਼ਿਆਂ ਕਾਰਨ ਪੰਜਾਬ ਵਿਚ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਨਾਲ ਲੋਕ ਚਰਚਾ ਵਿਚ ਚੱਲ ਰਹੇ ਨਸ਼ੇ ਦੇ ਮਾਮਲੇ ‘ਤੇ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਹੈ। ਆਮ ਆਦਮੀ ਪਾਰਟੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਨਸ਼ਿਆਂ ਵਿਰੁੱਧ ਸੜਕਾਂ ‘ਤੇ ਆਉਂਦਿਆਂ ਪਾਰਟੀ ਵਲੋਂ ਜਿੱਥੇ 2 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਅਤੇ ਧਰਨਾ ਦਿੱਤਾ ਜਾਵੇਗਾ ਉੱਥੇ ਪਾਰਟੀ ਦੀ ਨੌਜਵਾਨ ਇਕਾਈ ਸ਼ਨੀਵਾਰ 30 ਜੂਨ ਨੂੰ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਜ਼ਿਲ੍ਹਾ ਪੁਲਸ ਮੁਖੀ (ਐਸ.ਐਸ.ਪੀ) ਦਾ ਘਿਰਾਓ ਕਰੇਗੀ।
‘ਆਪ’ ਦੇ ਸੂਬਾ ਦਫਤਰ ਤੋਂ ਜਾਰੀ ਬਿਆਨ ਰਾਹੀਂ ਇਹ ਪ੍ਰੋਗਰਾਮ ਐਲਾਨਿਆ ਗਿਆ ਹੈ। ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 2 ਜੁਲਾਈ 2018 ਨੂੰ ਰਾਜਧਾਨੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਵੱਲ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਸਾਰੇ ਜ਼ੋਨ ਪ੍ਰਧਾਨ, ਸਾਰੇ ਵਿਧਾਇਕ, ਪਾਰਟੀ ਦੇ ਪ੍ਰਮੁੱਖ ਆਗੂ ਅਤੇ ਅਹੁਦੇਦਾਰ ਕਾਲੀਆਂ ਪੱਟੀਆਂ ਬੰਨ੍ਹ ਕੇ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕਰਨਗੇ, ਤਾਂ ਜੋ ਮੁੱਖ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਲੈਣ ਦੇ ਬਾਵਜੂਦ ਨਸ਼ਿਆਂ ਦੇ ਦਰਿਆ ‘ਚ ਰੋਜ਼ ਡੁੱਬ ਰਹੇ ਨੌਜਵਾਨਾਂ ਤੋਂ ਬੇਖ਼ਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਫ਼ਰਜ਼ ਪ੍ਰਤੀ ਜਗਾਇਆ ਜਾ ਸਕੇ।
ਇਸ ਦੇ ਨਾਲ ਹੀ ‘ਆਪ’ ਨੌਜਵਾਨ ਇਕਾਈ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਦੀ ਨੌਜਵਾਨ ਇਕਾਈ ਵਲੋਂ 30 ਜੂਨ (ਸ਼ਨੀਵਾਰ) ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਸਭ ਤੋਂ ਵੱਧ ਪੀੜਤ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਐਸ.ਐਸ.ਪੀ ਦੇ ਦਫ਼ਤਰ ਦਾ ਸਵੇਰੇ 10 ਵਜੇ ਘਿਰਾਓ ਕੀਤਾ ਜਾਵੇਗਾ।