ਲੀਗਲ ਸੈਲ ਦੇ ਮੁੱਖੀ ਹਿੰਮਤ ਸਿੰਘ ਸ਼ੇਰਗਿਲ ਨੇ ਜਾਰੀ ਕੀਤਾ ਵਿਸ਼ੇਸ਼ ਹੇਲਪ ਲਾਇਨ ਨੰਬਰ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਰਾਜਨੀਤੀ ਨਾਲ ਪ੍ਰੇਰਿਤ ਝੂਠੇ ਮਾਮਲਿਆਂ ਅਤੇ ਸਰਕਾਰੀ ਜ਼ੁਲਮ ਦੇ ਪੀੜਿਤ ਲੋਕਾਂ ਅਤੇ ਗਰੀਬਾਂ ਨੂੰ ਪਾਰਟੀ ਦੀ ਲੀਗਲ ਸੈਲ ਵਿੰਗ ਮੁਫਤ ਕਾਨੂੰਨੀ ਸੇਵਾਵਾਂ ਮੁਹੱਇਆ ਕਰੇਗਾ। ਇਸਦੇ ਨਾਲ ਹੀ ਇੱਕ ਵਿਸ਼ੇਸ਼ ਹੇਲਪ ਲਾਇਨ ਨੰਬਰ 8437791773 ਵੀ ਜਾਰੀ ਕਰ ਦਿੱਤਾ ਹੈ। ਇਹ ਫੈਸਲਾ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿਲ ਦੀ ਅਗਵਾਈ ਵਿੱਚ ਪਾਰਟੀ ਦੀ ਨਵੀਂ ਬਣੀ ਲੀਗਲ ਵਿੰਗ ਟੀਮ ਵਲੋਂ ਆਯੋਜਨ ਪਹਿਲੀ ਬੈਠਕ ਵਿੱਚ ਕੀਤਾ ਗਿਆ।
ਸੋਮਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਐਡਵੋਕੇਟ ਹਿੰਮਤ ਸਿੰਘ ਸ਼ੇਰਗਿਲ ਨੇ ਦੱਸਿਆ ਕਿ ਪੰਜਾਬ ਦੀ ਅਕਾਲੀ ਦਲ-ਭਾਜਪਾ ਸਰਕਾਰ ਆਮ ਆਦਮੀ ਪਾਰਟੀ ਦੀ ਚੜ੍ਹਤ ਤੋਂ ਬੁਰੀ ਤਰ੍ਹਾਂ ਬੌਖਲਾ ਗਈ ਹੈ ਅਤੇ ਆਮ ਆਦਮੀ ਪਾਰਟੀ ਦੇ ਵਾਲੰਟਿਅਰਸ, ਸਮਰਥਕਾਂ ਅਤੇ ਆਗੂਆਂ ਉੱਤੇ ਝੂਠੇ ਮਾਮਲੇ ਦਰਜ ਕਰ ਰਹੀ ਹੈ। ਆਮ ਆਦਮੀ ਨੂੰ ਡਰਾਉਣ, ਧਮਕਾਉਣ ਅਤੇ ਝੂਠੇ ਮਾਮਲਿਆਂ ਵਿੱਚ ਫਸਾਉਣ ਲਈ ਸਰਕਾਰੀ ਮਸ਼ੀਨਰੀ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ। ਬੈਠਕ ਦੌਰਾਨ ਫੈਸਲਾ ਲਿਆ ਗਿਆ ਕਿ ਰਾਜ ਪੱਧਰੀ ਆਗੂਆਂ ਤੋਂ ਲੈ ਕੇ ਬੂਥ ਪੱਧਰ ਦੇ ‘ਆਪ’ ਵਾਲੰਟਿਅਰਸ ਅਤੇ ਆਮ ਲੋਕਾਂ ਉੱਤੇ ਰਾਜਨੀਤਕ ਬਦਲਾਖੋਰੀ ਦੇ ਮਕਸਦ ਨਾਲ ਦਰਜ ਝੂਠੇ ਮਾਮਲਿਆਂ ਵਿੱਚ ‘ਆਪ’ ਦੇ ਕਾਨੂੰਨੀ ਵਿੰਗ ਦੀ ਟੀਮ ਮੁਫਤ ਕਾਨੂੰਨੀ ਸਹਾਇਤਾ ਉਪਲੱਬਧ ਕਰੇਗੀ।
ਸ਼ੇਰਗਿਲ ਨੇ ਇਹ ਵੀ ਦੱਸਿਆ ਕਿ ਪਾਰਟੀ ਦਾ ਕਾਨੂੰਨੀ ਵਿੰਗ ਉਨ੍ਹਾਂ ਲੋਕਾਂ ਨੂੰ ਵੀ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰੇਗੀ ਜੋ ਗਰੀਬੀ ਅਤੇ ਆਰਥਿਕ ਤੰਗੀ ਦੇ ਕਾਰਨ ਕਾਨੂੰਨੀ ਸਹਾਇਤਾ ਲੈਣ ਤੋਂ ਅਸਮਰਥ ਹਨ। ਸ਼ੇਰਗਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਜਿਨ੍ਹਾਂ ਦੇ ਨਾਲ ਸੱਤਾ ਦੇ ਨਸ਼ੇ ਵਿੱਚ ਡੂਬੇ ਬਾਦਲ ਪਰਿਵਾਰ, ਬਿਕਰਮ ਸਿੰਘ ਮਜੀਠੀਆ, ਅਕਾਲੀ ਅਤੇ ਭਾਜਪਾ ਦੇ ਮੰਤਰੀਆਂ, ਹਲਕਾ ਇੰਚਾਰਜ ਅਤੇ ਹੋਰ ਆਗੂਆਂ ਵਲੋਂ ਕੋਈ ਜਬਰ, ਜ਼ੁਲਮ ਅਤੇ ਬੇਇਨਸਾਫੀ ਕੀਤੀ ਗਈ ਹੈ। ਸ਼ੇਰਗਿਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਕੋਈ ਵੀ ਪੀੜਿਤ ਲੀਗਲ ਵਿੰਗ ਦੇ ਉਕੱਤ ਹੈਲਪ ਲਾਇਨ ਨੰਬਰ ਉੱਤੇ ਫੋਨ, ਮੈਸੇਜ, ਵਹਟਸਐਪ ਤੋਂ ਇਲਾਵਾ ‘ਆਪਲੀਗਲਸੈਲਪੰਜਾਬ ਏਟ ਜੀਮੇਲ ਡਾਟ ਕਾਮ’ ਉੱਤੇ ਈਮੇਲ ਵੀ ਕਰ ਸਕਦਾ ਹੈ।
ਬੈਠਕ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਟੀ ਦੀ ਲੀਗਲ ਸੈਲ ਆਪਣੀ ਇਸ ਸੇਵਾਵਾਂ ਲਈ ਪੰਜਾਬ ਵਿੱਚ ਇੱਕ ਵਿਆਪਕ ਮੁਹਿੰਮ ਸ਼ੁਰੂ ਕਰੇਗਾ। ਇਸ ਅਭਿਆਨ ਦੇ ਤਹਿਤ ਆਮ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।