ਟੋਰਾਂਟੋ (7 ਮਾਰਚ, 2016): ਕੈਨੇਡਾ ਦੇ ਦੌਰੇ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਕਰ ਰਹੇ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ 1984 ਦੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਬਾਰੇ ਬੋਲਦਿਆਂ ਬੀਤੇ ਦਿਨੀਂ ਹਰਿਆਣਾ ‘ਚ ਜਾਟ ਅੰਦੋਲਨ ਦਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਪਦਵੀਆਂ ਦੇ ਇਨਾਮ ਨਾ ਮਿਲਣ ਸਗੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕੋਈ ਕਾਰਨ ਨਹੀਂ ਬਚਦਾ ਕਿ ਅਜਿਹੀਆਂ ਵਾਰਦਾਤਾਂ ਵਾਰ-ਵਾਰ ਵਾਪਰਨ ।ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਕਾਰਨ ਅਜਿਹੀ ਘਟਨਾਵਾਂ ਵਾਪਰਦੀਆਂ ਹਨ।
ਉਨ੍ਹਾਂ ਕਿਹਾ ਕਿ ਭਾਰਤ ਦੇ ਕਾਨੂੰਨੀ ਤੰਤਰ ਵਲੋਂ ਕਤਲੇਆਮ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਨਾਲ ਕਾਨੂੰਨ ਦਾ ਖੌਫ ਹੋਵੇਗਾ, ਜਿਸ ਨਾਲ ਮਤਭੇਦਾਂ ਨੂੰ ਉਤਸ਼ਾਹ ਨਹੀਂ ਮਿਲੇਗਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ ।ਸ: ਫੂਲਕਾ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਹਰਿਆਣਾ ‘ਚ ਜੋ ਕੁਝ ਵਾਪਰਿਆ ਉਸ ਦੀਆਂ ਜੜ੍ਹਾਂ ’84 ‘ਚ ਹਨ ।ਉਨ੍ਹਾਂ ਆਖਿਆ ਕਿ ਆਪ ਪੰਜਾਬ ‘ਚ ਕਾਂਗਰਸ ਅਤੇ ਅਕਾਲੀ ਦਲ ਨਾਲੋਂ ਬਿਹਤਰ ਸੰਗਠਿਤ ਹੈ ਅਤੇ ਲੋਕ ਬਹੁਤ ਪਿਆਰ ਦੇ ਰਹੇ ਹਨ ।
ਫੂਲਕਾ ਨੇ ਕੈਨੇਡਾ ਫੇਰੀ ਦੌਰਾਨ ਬਰੈਂਪਟਨ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ‘ਚ ਰਹਿੰਦੇ ਪੰਜਾਬੀਆਂ ਨੂੰ ਅਜੇ ਲੋਕਤੰਤਰ ਦਾ ਅਸਲ ਅਨੁਭਵ ਨਹੀਂ ਹੋ ਸਕਿਆ, ਜੋ ਕੈਨੇਡਾ ਜਿਹੇ ਦੇਸ਼ਾਂ ‘ਚ ਰਹਿੰਦੇ ਪੰਜਾਬੀ ਕਰ ਚੁੱਕੇ ਹਨ ।
ਉਨ੍ਹਾਂ ਆਖਿਆ ਕਿ ਭਾਰਤ ‘ਚ ਪ੍ਰਚੱਲਿਤ ਲੋਕਤੰਤਰਕ ਨਿਜ਼ਾਮ ‘ਚ ਰਾਜਨੀਤਕ ਆਗੂਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਂਦੀ ਹੈ, ਜਿਸ ‘ਚ ਆਮ ਵਿਅਕਤੀ ਦੀ ਕਦਰ ਨਹੀਂ ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਕਿਸੇ ਗਰਮ ਖਿਆਲੀ ਸਿੱਖ ਜਥੇਬੰਦੀ ਜਾਂ ਰਾਜਨੀਤਕ ਪਾਰਟੀ ਦੀ ਇਕਾਈ ਦੇ ਖਿਲਾਫ ਉਨ੍ਹਾਂ ਨੇ ਆਪਣੇ ਵਲੋਂ ਕੋਈ ਬਿਆਨ ਨਹੀਂ ਦਿੱਤਾ ਅਤੇ ਸਭ ਦਾ ਸਤਿਕਾਰ ਕਰਦੇ ਹਨ ।ਉਨ੍ਹਾਂ ਆਖਿਆ ਕਿ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਉਹ ਆਪਣਾ ਕੰਮ ਜਾਰੀ ਰੱਖਣਗੇ ।
ਇਸ ਮੌਕੇ ‘ਤੇ ਮੀਡੀਆਕਾਰਾਂ ਦੀ ਭਰਵੀਂ ਹਾਜ਼ਰੀ ਸੀ ਅਤੇ ਕੈਨੇਡਾ ‘ਚ ਆਪ ਦੇ (ਵਲੰਟੀਅਰ) ਵਰਕਰ ਪਾਲ ਬਡਵਾਲ, ਸੰਦੀਪ ਸਿੰਗਲਾ, ਕਮਲਜੀਤ ਸਿੱਧੂ, ਹਰਿੰਦਰ ਸਿੰਘ ਸੋਮਲ, ਅਵਤਾਰ ਬਰਾੜ ਅਤੇ ਨਵਾਬ ਸਿੰਘ ਹੀਰ ਵੀ ਹਾਜ਼ਰ ਸਨ ।