ਚੰਡੀਗੜ੍ਹ: ਦਿੱਲੀ ਸਥਿਤ ਦਿਆਲ ਸਿੰਘ ਕਾਲਜ (ਈਵਨਿੰਗ) ਦਾ ਨਾਂ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਕਰਨ ਦਾ ਸਖ਼ਤ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਪੰਜਾਬ) ਨੇ ਅਕਾਲੀ ਦਲ (ਬਾਦਲ) ਦੀ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਨੈਤਿਕ ਆਧਾਰ ‘ਤੇ ਅਸਤੀਫ਼ਾ ਮੰਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਨਰਿੰਦਰ ਮੋਦੀ ਸਰਕਾਰ ਉੱਤੇ ਸਿੱਖਾਂ ਅਤੇ ਹਿੰਦੂਆਂ ਦਰਮਿਆਨ ਫ਼ਿਰਕੂ ਮਤਭੇਦ ਪੈਦਾ ਕਰਨ ਵਾਲੀ ਘਟੀਆ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ।
‘ਆਪ’ ਵੱਲੋਂ ਜਾਰੀ ਬਿਆਨ ‘ਚ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਅਤੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮਹੀਨਿਆਂ ਬੱਧੀ ਭਾਰੀ ਵਿਰੋਧ ਦੇ ਬਾਵਜੂਦ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਦਿੱਤਾ ਗਿਆ, ਪਰੰਤੂ ਕੈਬਿਨੇਟ ਮੰਤਰੀ ਵਜੋਂ ਮੋਦੀ ਸਰਕਾਰ ਦਾ ਅਹਿਮ ਹਿੱਸਾ ਬਣੀ ਹਰਸਿਮਰਤ ਕੌਰ ਬਾਦਲ ਇੰਜ ਪ੍ਰਭਾਵ ਦੇ ਰਹੇ ਹਨ, ਜਿਵੇਂ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਲੱਗਿਆ। ‘ਆਪ’ ਆਗੂਆਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਹੁਣ ਮਗਰਮੱਛ ਦੇ ਹੰਝੂ ਵਹਾ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਬਿਆਨਬਾਜ਼ੀ ਕਰ ਰਹੇ ਹਨ।
ਡਾ. ਬਲਵੀਰ ਸਿੰਘ ਨੇ ਕਿਹਾ ਕਿ ਦਿਆਲ ਸਿੰਘ ਕਾਲਜ ਈਵਨਿੰਗ ਕਮੇਟੀ ਦੇ ਚੇਅਰਮੈਨ ਅਮਿਤਾਭ ਸਿਨਹਾ ਅਤੇ ਦਿਲੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਯੋਗੇਸ਼ ਤਿਆਗੀ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲਾ ‘ਟਵੀਟ’ ਕਰਕੇ ਹਰਸਿਮਰਤ ਕੌਰ ਬਾਦਲ ਆਪਣੀ ਜ਼ਿੰਮੇਵਾਰੀ ਅਤੇ ਫ਼ਰਜ਼ਾਂ ਪ੍ਰਤੀ ਨਾਲਾਇਕੀ ਤੋਂ ਸੁਰਖ਼ਰੂ ਨਹੀਂ ਹੋ ਸਕਦੇ, ਕਿਉਂਕਿ ਉਹ ਖ਼ੁਦ ਸਰਕਾਰ ਦਾ ਹਿੱਸਾ ਹਨ, ਇਸ ਲਈ ਹਰਸਿਮਰਤ ਕੌਰ ਬਾਦਲ ਅਗਲੇ 48 ਘੰਟਿਆਂ ‘ਚ ਚੇਅਰਮੈਨ ਸਿਨਹਾ ਅਤੇ ਵਾਇਸ ਚਾਂਸਲਰ ਯੋਗੇਸ਼ ਤਿਆਗੀ ਨੂੰ ਬਰਖ਼ਾਸਤ ਕਰਵਾਉਣ ਜਾਂ ਫਿਰ ਨੈਤਿਕਤਾ ਦੇ ਆਧਾਰ ‘ਤੇ ਖ਼ੁਦ ਅਸਤੀਫ਼ਾ ਦੇ ਕੇ ਮੋਦੀ ਸਰਕਾਰ ਨਾਲੋਂ ਨਾਤਾ ਤੋੜਨ।
ਅਮਨ ਅਰੋੜਾ ਨੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇੜਕਰ ਦੀ ਸਫ਼ਾਈ ਵੀ ਅੱਖਾਂ ‘ਚ ਘੱਟਾ ਪਾਉਣ ਵਾਲੀ ਹੋਵੇਗੀ ਜੇਕਰ ਉਹ ਅਗਲੇ 24 ਘੰਟਿਆਂ ‘ਚ ਅਮਿਤਾਭ ਸਿਨਹਾ ਅਤੇ ਯੋਗੇਸ਼ ਤਿਆਗੀ ਨੂੰ ਬਰਖ਼ਾਸਤ ਕਰਕੇ ਫ਼ਿਰਕੂ ਸੋਚ ਰੱਖਣ ਵਾਲੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਸੁਨੇਹਾ ਨਹੀਂ ਦਿੰਦੇ। ਅਰੋੜਾ ਨੇ ਕਿਹਾ ਕਿ ਇਹ ਗੱਲ ਗਲੇ ਨਹੀਂ ਉਤਰ ਰਹੀ ਕਿ ਸੰਸਦ ‘ਚ ਸਰਕਾਰ ਦੇ ਭਰੋਸੇ ਦੇ ਬਾਵਜੂਦ ਚੇਅਰਮੈਨ ਸਿਨਹਾ ਅਤੇ ਵਾਇਸ ਚਾਂਸਲਰ ਤਿਆਗੀ ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਕਰਕੇ ਬੈਨਰ ਲਗਾਉਣ ਦੀ ਹਿੰਮਤ ਕਰ ਸਕਣ। ਅਮਨ ਅਰੋੜਾ ਨੇ ਕਿਹਾ ਕਿ ਸਿਨਹਾ ਅਤੇ ਤਿਆਗੀ ਨੇ ਭਾਜਪਾ ਦਾ ਵੰਡ ਪਾਊ ਏਜੰਡਾ ਲਾਗੂ ਕੀਤਾ ਹੈ ਅਤੇ ਇਹ ਕੰਮ ਭਾਜਪਾ ਦੀ ਸ਼ਹਿ ਤੋਂ ਬਿਨਾ ਸੰਭਵ ਨਹੀਂ
ਅਮਨ ਅਰੋੜਾ ਨੇ ਕਿਹਾ ‘ਆਪ’ ਪੰਜਾਬ ਦੇ ਨਾਲ ਨਾਲ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਦੱਸਿਆ ਕਿ ‘ਆਪ’ ਦੇ ਦਿੱਲੀ ਤੋਂ ਵਿਧਾਇਕਾਂ ਵੱਲੋਂ ਮਾਨਵ ਸੰਸਾਧਨ ਮੰਤਰਾਲੇ ਕੋਲ ਦਿਆਲ ਸਿੰਘ ਕਾਲਜ ਦੇ ਨਾਂ ਨਾਲ ਛੇੜਛਾੜ ਵਿਰੁੱਧ ਵਿਰੋਧ ਦਰਜ ਕਰਵਾਇਆ ਹੈ ਅਤੇ ਅਮਿਤਾਭ ਸਿਨਹਾ ਅਤੇ ਯੋਗੇਸ਼ ਤਿਆਗੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।