ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਬਦਲਿਆ ਜਾਵੇ। ਪਾਰਟੀ ਦਾ ਕਹਿਣਾ ਹੈ ਕਿ ਉਹ ਸੁਖਬੀਰ ਬਾਦਲ ਦੇ ਹਿਤਾਂ ਮੁਤਾਬਕ ਕੰਮ ਕਰ ਰਹੇ ਹਨ।
ਅੱਜ ਸ਼ਾਮ ਆਮ ਆਦਮੀ ਪਾਰਟੀ ਵਲੋਂ ਜਾਰੀ ਪ੍ਰੈਸ ਬਿਆਨ ‘ਚ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਅਤੇ ਮਨੁੱਖੀ ਅਧਿਕਾਰ ਵਿੰਗ ਦੇ ਮੁਖੀ ਐਡਵੋਕੇਟ ਨਵਕਿਰਨ ਸਿੰਘ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਸੁਰੇਸ਼ ਅਰੋੜਾ ਨੂੰ ਬਦਲਣ ਨਹੀਂ ਤਾਂ ਚੋਣ ਕਮਿਸ਼ਨ ਵਲੋਂ ਨਿਰਪੱਖ ਚੋਣ ਕਰਾਉਣ ਦਾ ਕੋਈ ਮਲਤਬ ਹੀ ਨਹੀਂ ਰਹਿ ਜਾਏਗਾ।
ਗੁਰਪ੍ਰੀਤ ਘੁੱਗੀ ਨੇ ਦੋਸ਼ ਲਾਇਆ ਕਿ ਸੁਰੇਸ਼ ਅਰੋੜਾ ਬਾਦਲ ਦਲ ਦੇ ਇਕ ਕਾਰਜਕਰਤਾ ਤੋਂ ਵਧ ਕੇ ਕੰਮ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਅਰੋੜਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ‘ਚ ਪੁਲਿਸ ਗੋਲੀਬਾਰੀ ‘ਚ ਸ਼ਹੀਦ ਹੋਏ ਦੋ ਸਿੱਖਾਂ ਅਤੇ ਐਸ.ਐਸ.ਪੀ. ਮੋਗਾ ਚਰਨਜੀਤ ਸਿੰਘ ਦੇ ਮਾਮਲੇ ‘ਚ ਕੋਈ ਕਦਮ ਨਹੀਂ ਚੁੱਕਿਆ।
ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਦੇ ਕਤਲ ਦੇ ਮਾਮਲੇ ‘ਚ ਵੀ ਪੁਲਿਸ ਮੁਖੀ ਹਾਲੇ ਤਕ ਕੁਝ ਨਹੀਂ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਨਾਮਧਾਰੀ ਮੁਖੀ ਦੀ ਪਤਨੀ ਚੰਦ ਕੌਰ ਅਤੇ ਖੰਨਾ ਵਿਖੇ ਸ਼ਿਵ ਸੈਨਾ ਆਗੂ ਦੇ ਕਤਲ ਦੇ ਮਾਮਲੇ ‘ਚ ਵੀ ਪੁਲਿਸ ਹਾਲੇ ਤਕ ਕੁਝ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਤਲਾਂ ਅਤੇ ਗੁਰੂ ਗ੍ਰੰਥ ਸਾਬਿਹ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸੁਖਬੀਰ ਬਾਦਲ ਦੇ ਛੁਪੇ ਹੋਏ ਇਰਾਦੇ ਹੋ ਸਕਦੇ ਹਨ।
ਆਪ ਆਗੂਆਂ ਵਲੋਂ ਆਪਣੀ ਪਾਰਟੀ ਦੀ ਲਾਈਨ ‘ਤੇ ਚੱਲਦਿਆਂ ਇਸ ਗੱਲ ਨੂੰ ਦੁਹਰਾਇਆ ਗਿਆ ਕਿ ਬਾਦਲ ਅਤੇ ਕੈਪਟਨ ਰਲੇ ਹੋਏ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: