ਕੈਨੇਡਾ ਦੀ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਲਾਇਆ ਗਿਆ ਨਸਲਵਾਦੀ ਪੋਸਟਰ

ਵਿਦੇਸ਼

ਕੈਨੇਡਾ ਦੀ ਯੂਨੀਵਰਸਿਟੀ ਆੱਫ਼ ਅਲਬਰਟਾ ’ਚ ਨਸਲੀ ਪੋਸਟਰ ਚਿਪਕਾਉਣ ਦੀ ਆਮ ਆਦਮੀ ਪਾਰਟੀ ਵੱਲੋਂ ਨਿਖੇਧੀ

By ਸਿੱਖ ਸਿਆਸਤ ਬਿਊਰੋ

September 22, 2016

ਚੰਡੀਗੜ: ਕੈਨੇਡਾ ਦੀ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਨਸਲਵਾਦੀ ਪੋਸਟਰ ਚਿਪਕਾਉਣ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਐਨ.ਆਰ.ਆਈ. ਸੈੱਲ ਦੇ ਸੂਬਾ ਕਨਵੀਨਰ ਜਗਤਾਰ ਸਿੰਘ ਸੰਘੇੜਾ ਨੇ ਅੱਜ ਕਿਹਾ ਕਿ ਕੈਨੇਡੀਅਨ ਨਾਗਰਿਕ ਲਈ ਸਿੱਖ ਕੌਮ ਵਿਰੁੱਧ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕਰਨਾ ਸ਼ਰਮਨਾਕ ਹੈ।

ਸੰਘੇੜਾ, ਜੋ ਆਮ ਆਦਮੀ ਪਾਰਟੀ ਦੀ ਸੂਬਾਈ ਮੁਹਿੰਮ ਕਮੇਟੀ ਦੇ ਵੀ ਮੈਂਬਰ ਹਨ, ਨੇ ਕਿਹਾ ਕਿ ਇਨਾਂ ਪੋਸਟਰਾਂ ’ਤੇ ਇੱਕ ਦਸਤਾਰਧਾਰੀ ਵਿਅਕਤੀ ਦੀ ਤਸਵੀਰ ਵਿਖਾਈ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈਕਿ ਸਿੱਖਾਂ ਨੂੰ ਆਪਣੇ ਜੱਦੀ ਦੇਸ਼ ਵਾਪਸ ਚਲੇ ਜਾਣਾ ਚਾਹੀਦਾ ਹੈ, ਜੋ ਕਿ ਬੇਹੱਦ ਮੰਦਭਾਗੀ ਤੇ ਨਿਖੇਧੀਯੋਗ ਗੱਲ ਹੈ।

ਸੰਘੇੜਾ ਨੇ ਕਿਹਾ, “ਕੈਨੇਡਾ ਦੇ ਅਰਥਚਾਰੇ ਦੇ ਨਿਰਮਾਣ ਵਿੱਚ ਸਿੱਖਾਂ ਨੇ ਪਹਿਲਾਂ ਆਪਣੇ ਹੌਂਸਲੇ ਨੂੰ ਸਿੱਧ ਕਰ ਕੇ ਵਿਖਾਇਆ ਹੋਇਆ ਹੈ, ਜਿਨਾਂ ਨੂੰ ਦੇਸ਼ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੀ ਮਾਨਤਾ ਦਿੱਤੀ ਹੈ।” ਉਨਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਸ਼ਲਾਘਾ ਵੀ ਕੀਤੀ, ਜਿਨ੍ਹਾਂ ਤੁਰੰਤ ਅਜਿਹੇ ਨਸਲਵਾਦੀ ਪੋਸਟਰ ਹਟਵਾ ਦਿੱਤੇ।

ਇੱਥੇ ਇਹ ਵਰਣਨਯੋਗ ਹੈ ਕਿ ਸੋਮਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਅਜਿਹੇ 12 ਪੋਸਟਰ ਲੱਗੇ ਪਾਏ ਗਏ ਸਨ; ਜਿਨ੍ਹਾਂ ਵਿੱਚੋਂ ਇੱਕ ਤਾਂ ਮੁੱਖ ਲਾਇਬਰੇਰੀ ਵਿੱਚ ਵੀ ਲੱਗਾ ਹੋਇਆ ਸੀ।

ਸੰਘੇੜਾ ਨੇ ਕਿਹਾ ਕਿ ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿੱਚ ਸਿੱਖਾਂ ਦੀ ਗਿਣਤੀ 4 ਲੱਖ 55 ਹਜ਼ਾਰ ਦੇ ਲਗਭਗ ਹੈ। ਉਨਾਂ ਕਿਹਾ, “ਸਿੱਖ; ਕੈਨੇਡਾ ਦੇ ਤਾਣੇ-ਬਾਣੇ ਦੇ ਅਟੁੱਟ ਅੰਗ ਹਨ ਅਤੇ ਦਸਤਾਰਧਾਰੀ ਸਿੱਖ ਕੈਨੇਡਾ ਦੀ ਕੇਂਦਰੀ ਕੈਬਿਨੇਟ, ਹਥਿਆਰਬੰਦ ਫ਼ੌਜਾਂ ਤੇ ਹੋਰ ਬਹੁਤ ਸਾਰੀਆਂ ਸਮਰੱਥਾਵਾਂ ਵਿੱਚ ਵੀ ਹਨ।”

ਇਸ ਦੌਰਾਨ ਸੰਘੇੜਾ ਨੇ ਉਸ ਸਿੱਖ ਭੱਦਰ-ਪੁਰਸ਼ ਹਰਿੰਦਰ ਸਿੰਘ ਬੈਂਸ ਦੀ ਬਹਾਦਰੀ ਅਤੇ ਨਿਮਰਤਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇੱਕ “ਖ਼ਤਰਨਾਕ ਅਪਰਾਧੀ” ਅਹਿਮਦ ਖ਼ਾਨ ਰਸ਼ਮੀ ਨੂੰ ਅਮਰੀਕੀ ਪੁਲਿਸ ਹਵਾਲੇ ਕਰਨ ਵਿੱਚ ਮਦਦ ਕੀਤੀ ਸੀ। ਸੰਘੇੜਾ ਨੇ ਕਿਹਾ ਕਿ ਇੱਕ ਸਿੱਖ ਬੈਂਸ ਦੀ ਬਹਾਦਰੀ ਅਤੇ ਇਮਾਨਦਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਨਾਂ ਨੇ ਨਾਗਰਿਕਤਾ ਲੈਂਦੇ ਸਮੇਂ ਵਿਦੇਸ਼ੀ ਅਤੇ ਦੇਸ਼ ਦੇ ਦੁਸ਼ਮਣਾਂ ਤੋਂ ਸੰਵਿਧਾਨ ਦੀ ਰਾਖੀ ਕਰਨ ਸਬੰਧੀ ਚੁੱਕੀ ਸਹੁੰ ਦਾ ਪੂਰਾ ਮਾਣ-ਤਾਣ ਰੱਖਿਆ।

ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਦੇ ਬਿਆਨ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਨੂੰ ਐਨ.ਆਰ.ਆਈਜ਼ ਦਾ ਸਮਰਥਨ ਘਟ ਗਿਆ ਹੈ, ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਸੰਘੇੜਾ ਨੇ ਕਿਹਾ, “ਇਹ ਦੁਸਾਂਝ ਦੇ ਆਪਣੇ ਨਿਜੀ ਵਿਚਾਰ ਹੋ ਸਕਦੇ ਹਨ, ਜੋ ਕੁਝ ਹੱਦ ਤੱਕ ਐਨ.ਆਰ.ਆਈਜ਼ ਦੇ ਰੌਂਅ ਦਾ ਮੁਲਾਂਕਣ ਕਰਨ ਤੋਂ ਅਸਮਰੱਥ ਰਹੇ ਹਨ।”

ਸੰਘੇੜਾ ਨੇ ਕਿਹਾ, “ਐਨ.ਆਰ.ਆਈ. ਸੈੱਲ ਦੇ ਮੁਖੀ ਵਜੋਂ, ਮੈਨੂੰ ਲਗਭਗ ਰੋਜ਼ਾਨਾ ਸਾਡੇ ਐਨ.ਆਰ.ਆਈ. ਭਰਾਵਾਂ ਤੇ ਭੈਣਾਂ ਦੀਆਂ ਹਜ਼ਾਰਾਂ ਕਾੱਲਜ਼ ਆਉਂਦੀਆਂ ਹਨ, ਜੋ ਅਕਾਲੀਆਂ ਦੇ ਰਾਜ ਦਾ ਖ਼ਾਤਮਾ ਕਰਨ ਲਈ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਦਾ ਸੰਕਲਪ ਲੈਂਦੇ ਹਨ।” ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਮਜ਼ਬੂਤ ਲੀਡਰਸ਼ਿਪ ਉੱਭਰੀ ਹੈ, ਜੋ ਆਪਣੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕ੍ਰਾਂਤੀਕਾਰੀ ਸਿਆਸੀ ਲਹਿਰ ਨੂੰ ਅਗਾਂਹ ਲਿਜਾਵੇਗੀ।

ਸੰਘੇੜਾ ਨੇ ਕਿਹਾ, “ਸਮੁੱਚੇ ਵਿਸ਼ਵ ਦੇ ਪੰਜਾਬੀ ਅਤੇ ਗੁਜਰਾਤੀ ਐਨ.ਆਰ.ਆਈਜ਼ ਨੇ ਆਮ ਆਦਮੀ ਪਾਰਟੀ ਉੱਤੇ ਵੱਡੀਆਂ ਆਸਾਂ ਰੱਖੀਆਂ ਹੋਈਆਂ ਹਨ ਅਤੇ ਪਾਰਟੀ ਹੁਣ ਨਾ ਕੇਵਲ ਪੰਜਾਬ ਵਿੱਚ, ਸਗੋਂ ਗੁਜਰਾਤ ਵਿੱਚ ਵੀ ਆਪਣੀ ਸਰਕਾਰ ਬਣਾ ਕੇ ਉਨ੍ਹਾਂ ਦੀਆਂ ਆਸਾਂ ਪੂਰੀ ਕਰੇਗੀ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: