(ਫਾਈਲ ਫੋਟੋ)

ਪੰਜਾਬ ਦੀ ਰਾਜਨੀਤੀ

ਇਟਲੀ ਦੀ ਪ੍ਰਧਾਨ ਥੱਲ੍ਹੇ ਕੰਮ ਕਰਨ ਵਾਲਾ, ਕੇਜਰੀਵਾਲ ਨੂੰ ਬਾਹਰੀ ਕਿਵੇਂ ਕਹਿ ਸਕਦਾ: ਸੁਖਪਾਲ ਖਹਿਰਾ

By ਸਿੱਖ ਸਿਆਸਤ ਬਿਊਰੋ

September 14, 2016

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਟਲੀ ਦੀ ਨੇਤਾ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਬਾਹਰੀ ਕਹਿਣ ਦਾ ਕੋਈ ਹੱਕ ਨਹੀਂ ਹੈ।

ਖਹਿਰਾ ਨੇ ਕਿਹਾ ਕਿ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਇਟਲੀ ਨਾਲ ਸਬੰਧਿਤ ਹੈ, ਜਦੋਂਕਿ ਕੇਜਰੀਵਾਲ ਭਾਰਤ ਦੇ ਨਾਗਰਿਕ ਹਨ ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਵਾਰ-ਵਾਰ ਕੇਜਰੀਵਾਲ ਨੂੰ ਬਾਹਰੀ ਕਹਿਣਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੋਈ ਪੰਜਾਬੀ ਹੀ ਬਣੇਗਾ ਤੇ ਇਸ ਬਾਰੇ ਕੇਜਰੀਵਾਲ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ‘ਆਪ’ ਵੱਲੋਂ ਕਿਸੇ ਪੰਜਾਬੀ ਨੂੰ ਹੀ ਮੁੱਖ ਮੰਤਰੀ ਬਣਾਉਣ ਦੇ ਕੀਤੇ ਐਲਾਨ ਤੋਂ ਬਾਅਦ ਹੁਣ ਕੈਪਟਨ ਆਪਣੀ ਮੁੱਖ ਮੰਤਰੀ ਦੀ ਦਾਅਵੇਦਾਰੀ ਵਾਪਸ ਲੈਣ।

ਉਨ੍ਹਾਂ ਦੋਸ਼ ਲਾਇਆ ਕਿ ਦਿਨ ਵੇਲੇ ਬਾਦਲ ਸਰਕਾਰ ਵਿਰੁੱਧ ਬੋਲਣ ਤੋਂ ਝਿਜਕਣ ਵਾਲੇ ਹੁਣ ਰਾਤਾਂ ਨੂੰ ਵਿਧਾਨ ਸਭਾ ਵਿੱਚ ਡਰਾਮੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ‘ਆਪ’ ਦੀ ਚੜ੍ਹਤ ਤੋਂ ਬੁਖਲਾਈ ਹੋਈ ਹੈ। ਉਨ੍ਹਾਂ ਪਟਿਆਲੇ ਦੀ ਵਿਧਾਇਕ ਪ੍ਰਨੀਤ ਕੌਰ ਵੱਲੋਂ ਸਤੰਬਰ 2013 ਦੌਰਾਨ ਬਤੌਰ ਕੇਂਦਰੀ ਰਾਜ ਮੰਤਰੀ ਚੰਡੀਗੜ੍ਹ ਪੁਲਿਸ ਦੇ ਆਈਜੀ ਆਰ.ਪੀ. ਉਪਾਧਿਆਏ ਨੂੰ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਲਿਖੇ ਪੱਤਰ ਨੂੰ ਦਿਖਾਉਂਦਿਆਂ ਦੱਸਿਆ ਕਿ ਇਹ ਵੱਡੇ ਘਰਾਣੇ ਆਪਸ ਵਿੱਚ ਮਿਲੇ ਹੋਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: