September 3, 2014 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ( 3 ਸਤੰਬਰ 2014): ਦਲ ਖਾਲਸਾ ਦੇ ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਸਿੱਖ ਸ਼ਹੀਦਾਂ ਪ੍ਰਤੀ ਬੀਬੀ ਲਕਸਮੀ ਕਾਤਾਂ ਚਾਵਲਾ ਵੱਲੋਂ ਵਰਤੀ ਗਈ ਸ਼ਬਦਾਵਾਲੀ ‘ਤੇ ਪ੍ਰਤੀਕ੍ਰਿਆ ਕਰਦਿਆਂ ਕਿਹਾ ਕਿ ਬੀਬੀ ਨੂੰ ਹੱਦ ਵਿੱਚ ਰਹਿਣਾ ਚਾਹੀਦਾ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ।
ਉਹਨਾਂ ਬਿਆਨ ਵਿੱਚ ਕਿਹਾ ਕਿ ਬੀਬੀ ਦਾ ਸਿੱਖ ਸ਼ਹੀਦਾਂ ਬਾਰੇ ਅਪਮਾਨਿਤ ਸ਼ਬਦ ਵਰਤਣੇ ਬਰਦਾਸ਼ਤ ਤੋਂ ਬਾਹਰ ਹਨ। ਉਹਨਾਂ ਕਿਹਾ ਕਿ ਬੋਲਣ ਦੀ ਆਜ਼ਾਦੀ ਦੇ ਹੱਕ ਦਾ ਇਹ ਹਰਗਿਜ਼ ਮਤਲਬ ਨਹੀ ਕਿ ਬੀਬੀ ਨੂੰ ਦੂਜਿਆਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੀ ਆਜ਼ਾਦੀ ਮਿਲ ਗਈ ਹੈ।ਦਲ ਖਾਲਸਾ ਨੇ ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਿੱਖ ਸ਼ਹੀਦਾਂ ਅਤੇ ਸਿੱਖ ਰਹੁਰੀਤਾਂ ਵਿਰੁੱਧ ਜ਼ਹਰ ਉਗਲਣਾ ਬੰਦ ਕਰੇ।
ਉਹਨਾਂ ਕਿਹਾ ਜੇਕਰ ਭਾਜਪਾ, ਕਾਂਗਰਸ ਜਾਂ ਹੋਰਨਾ ਹਿੰਦੁਸਤਾਨ-ਪੱਖੀ ਪਾਰਟੀਆਂ ਲਈ ਭਾਈ ਬੇਅੰਤ ਸਿੰਘ-ਸਤਵੰਤ ਸਿੰਘ, ਭਾਈ ਜ਼ਿੰਦਾ-ਸੁੱਖਾ, ਭਾਈ ਦਿਲਾਵਰ ਸਿੰਘ “ਅੱਤਵਾਦੀ” ਹਨ ਤਾਂ ਇਹ ਉਹਨਾਂ ਦੀ ਸੋਚ ਹੈ। ਉਹਨਾਂ ਸਪਸ਼ਟ ਕੀਤਾ ਕਿ ਇਹ ਸਾਰੇ ਸਿੱਖ ਕੌਮ ਦੇ ਹੀਰੋ ਹਨ ਅਤੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਕੌਮੀ ਸ਼ਹੀਦ ਦਾ ਰੁਤਬਾ ਪ੍ਰਾਪਤ ਹੈ।
ਉਹਨਾਂ ਲਕਸ਼ਮੀ ਕਾਂਤਾ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਜਿਨਾਂ ਨੂੰ ਸਿੱਖ ਕੌਮ ਆਪਣਾ ਗਦਾਰ ਸਮਝਦੀ ਹੈ, ਤੁਸੀ ਉਹਨਾਂ ਨੂੰ ਆਪਨਾ ਹੀਰੋ ਮੰਨਦੇ ਹੋ। ਉਹਨਾਂ ਕਿਹਾ ਕਿ ਸਿੱਖਾਂ ਦੀਆਂ ਨਜ਼ਰਾਂ ਵਿੱਚ ਇੰਦਰਾਂ ਗਾਂਧੀ, ਰਾਜੀਵ ਗਾਂਧੀ, ਨਰਸੀਮਾ ਰਾਉ, ਕੇਪੀ ਐਸ ਗਿੱਲ, ਬੇਅੰਤ ਸਿੰਘ, ਜਨਰਲ ਬਰਾੜ, ਜਨਰਲ ਵੈਦਯਾ “ਅੱਤਵਾਦੀਆਂ” ਦੀ ਸੂਚੀ ਵਿੱਚ ਆਉਂਦੇ ਹਨ, ਜਿਨਾਂ ਨੇ ਸਿੱਖ ਨੌਜਵਾਨਾਂ ਦਾ ਖੂਨ ਪੀਤਾ ਸੀ।
ਉਹਨਾਂ ਲਕਸ਼ਮੀ ਕਾਂਤਾ ਚਾਵਲਾ ਦੇ ਉਸ ਤਰਕ ਨੂੰ ਰੱਦ ਕੀਤਾ ਕਿ ਸ਼ਹੀਦਾਂ ਦੇ ਦਿਨ ਮਨਾਉਣ ਅਤੇ ‘ਕੌਮ ਦੇ ਹੀਰੇ’ ਵਰਗੀਆਂ ਫਿਲਮਾਂ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ ਜਾਂ ਫਿਰਕੂ ਫਸਾਦ ਹੋ ਸਕਦੇ ਹਨ।
ਉਹਨਾਂ ਭਾਜਪਾ ਦੇ ਫਿਰਕੂ ਸੋਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਨੂੰ ਸੱਟ ਭਾਜਪਾ ਅਤੇ ਆਰ.ਐਸ.ਐਸ ਦੀਆਂ ਸਰਗਰਮੀਆਂ ਕਾਰਨ ਜ਼ਰੂਰ ਵਜੇਗੀ। ਉਹਨਾਂ ਕਿਹਾ ਕਿ ਹਿੰਦੂ ਭਾਈਚਾਰੇ ਦੇ ਛੋਟੇ ਜਿਹੇ ਵਰਗ ਜਿਸ ਦੀ ਪ੍ਰਤੀਨਿਧਤਾ ਲਕਸ਼ਮੀ ਕਾਂਤਾ ਵਰਗੇ ਕਰਦੇ ਹਨ ਦੀਆਂ ਭੜਕਾਊ ਅਤੇ ਕੱਟੜਪੁਣੇ ਕਾਰਨ ਹੀ ਘੱਟ-ਗਿਤੀਆਂ ਨੂੰ ਸਖਤ ਕਦਮ ਚੁੱਕਣੇ ਪੈਂਦੇ ਹਨ।
ਉਹਨਾਂ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਨੂੰ ਪੰਥ ਲਈ ਹਾਨੀਕਾਰਕ ਦਸਦਿਆਂ ਕਿਹਾ ਕਿ ਬਾਦਲਕਿਆਂ ਕਾਰਨ ਭਾਜਪਾ ਸਿੱਖਾਂ ਦੇ ਸਿਰ ਚੜ੍ਹ ਬੋਲ ਰਹੀ ਹੈ।
Related Topics: Bhai Harcharanjeet Singh Dhami, BJP, Dal Khalsa International, Lakshmi Kanta Chawla, Punjab Politics