May 18, 2023 | By ਸਿੱਖ ਸਿਆਸਤ ਬਿਊਰੋ
ਦਸੂਹਾ (ਮਈ 18): ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨੂੰ ਸੂਤਰਬੱਧ ਕਰਨ ਦੇ ਯਤਨਾਂ ਤਹਿਤ ਅੱਜ ਇਤਿਹਾਸਕ ਗੁਰਦੁਆਰਾ ਗਰਨਾ ਸਾਹਿਬ ਵਿਖੇ ਕਾਰਜਸ਼ੀਲ ਜਥਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਇੱਕਤਰਤਾ ਵਿਚ ਭਾਈ ਦਲਜੀਤ ਸਿੰਘ ਬਿੱਟੂ, ਪਰਮਜੀਤ ਸਿੰਘ ਗਾਜ਼ੀ ਨੇ ਦਸੂਹਾ ਸ਼ਹਿਰ ਅਤੇ ਨੇੜਲੇ ਇੱਲਾਕੇ ਵਿੱਚ ਸਰਗਰਮ ਜਥਿਆਂ ਨਾਲ ਬੈਠਕ ਕੀਤੀ ਜਿਸ ਵਿਚ ਮੌਜੂਦਾ ਹਾਲਾਤ ਅਤੇ ਸਿੱਖ ਸਫਾਂ ਵਿਚਲੇ ਖਿੰਡਾਓ ਬਾਰੇ ਗੰਭੀਰ ਵਿਚਾਰਾਂ ਹੋਈਆਂ।
ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖ ਸਫਾਂ ਵਿਚ ਆਪਸੀ ਸੰਵਾਦ ਦੀ ਕਮੀ ਕਾਰਨ ਸਾਡੇ ਮਸਲੇ ਉਲਝਦੇ ਜਾ ਰਹੇ ਹਨ। ਅਜਿਹੇ ਹਾਲਾਤ ਵਿਚ ਸਥਾਨਕ ਪੱਧਰ ਉੱਤੇ ਸਰਗਰਮ ਸਿੱਖ ਜਥਿਆਂ ਨੂੰ ਆਪਸ ਵਿਚ ਤਾਲਮੇਲ ਵਧਾਉਣਾ ਚਾਹੀਦਾ ਹੈ ਅਤੇ ਆਪਸੀ ਵਿਚਾਰ-ਚਰਚਾ ਕਰਕੇ ਸਾਂਝੇ ਫੈਸਲੇ ਲੈਣੇ ਚਾਹੀਦੇ ਹਨ।
ਪੰਥ ਸੇਵਕਾਂ ਨੇ ਕਿਹਾ ਕਿ ਉਹਨਾ ਵੱਲੋਂ ਪੰਥਕ ਪੱਧਰ ਉੱਤੇ ਆਪਸੀ ਵਿਚਾਰ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਉਸ ਤਹਿਤ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇੱਕਤਰਤਾ ਸੱਦੀ ਗਈ ਹੈ ਜਿਸ ਵਿਚ ‘ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ’ ਬਾਰੇ ਸਾਂਝੀ ਰਾਏ ਬਣਾਉਣ ਦਾ ਯਤਨ ਕੀਤਾ ਜਾਵੇਗਾ। ਪੰਥਕ ਸਖਸ਼ੀਅਤਾਂ ਨੇ ਇਸ ਬੈਠਕ ਵਿੱਚ ਹਾਜਰ ਹੋਏ ਜਥੇ ਅਤੇ ਸਿੰਘਾਂ ਨੂੰ ਵਿਸ਼ਵ ਸਿੱਖ ਇਕੱਤਰਤਾ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ।
ਇਸ ਬੈਠਕ ਵਿਚ ਮਹਿੰਦਰ ਸਿੰਘ ਅਤੇ ਦਲਵਿੰਦਰ ਸਿੰਘ ਸਤਿਕਾਰ ਸਭਾ, ਰਜਿਦੰਰ ਸਿੰਘ ਬੁੱਢਾ ਦਲ, ਕਰਨਜੀਤ ਸਿੰਘ ਤਰਨਾ ਦਲ, ਭਾਈ ਸਰਤਾਜ ਸਿੰਘ ਵਸਰਾਂਵਾ, ਹਰਦੇਵ ਸਿੰਘ ਤੋਏ, ਜਸਵੀਰ ਸਿੰਘ, ਬਲਵਿੰਦਰ ਸਿੰਘ, ਕੇਵਲ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਸੁਖਦੀਪ ਸਿੰਘ ਦਲਵਿੰਦਰ, ਗੁਰਦੀਪ ਸਿੰਘ, ਫੁਲਦੀਪ ਸਿੰਘ, ਨਵਕਰਨ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਨਿਰਮਲ ਸਿੰਘ, ਸਰਬਜੀਤ ਸਿੰਘ, ਗਗਨਦੀਪ ਸਿੰਘ ਸਿਮਰਨਜੀਤ ਸਿੰਘ, ਤਰਲੋਚਨ ਸਿੰਘ, ਜਗਦੀਪ ਸਿੰਘ, ਰਵਿੰਦਰ ਸਿੰਘ, ਅਜੀਤ ਸਿੰਘ, ਮੋਤਾ ਸਿੰਘ, ਸੁਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਖੁੱਡਾ ਸ਼ਾਮਲ ਸਨ।
Related Topics: Akal Takhat Sahib, Bhai Daljit Singh Bittu, Parmjeet Singh Gazi, Punjab