June 19, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਵੱਡਾ ਐਲਾਨ ਕਰਦਿਆਂ ਜੰਮੂ ਕਸ਼ਮੀਰ ਦੇ ਸੱਤਾ ਗਠਜੋੜ ਤੋਂ ਹੱਥ ਪਿੱਛੇ ਖਿੱਚ ਲਏ ਹਨ ਤੇ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਪੀਡੀਪੀ ਨਾਲ ਗਠਜੋੜ ਤੋੜਨ ਦਾ ਐਲਾਨ ਕੀਤਾ ਹੈ।
ਰਾਮ ਮਾਧਵ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਭਾਜਪਾ ਲਈ ਇਸ ਗਠਜੋੜ ਵਿਚ ਬਣੇ ਰਹਿਣਾ ਮੁਸ਼ਕਿਲ ਹੋ ਗਿਆ ਹੈ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਦੇ ਭਾਜਪਾ ਨਾਲ ਸਬੰਧਿਤ ਮੰਤਰੀਆਂ ਅਤੇ ਕੁਝ ਹੋਰ ਉੱਚ ਆਗੂਆਂ ਨਾਲ ਇਕ ਮੁਲਾਕਾਤ ਕੀਤੀ।
ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਭਾਜਪਾ ਦੇ 25 ਅਤੇ ਪੀਡੀਪੀ ਦੇ 28 ਵਿਧਾਇਕਾਂ ਨੇ ਮਿਲ ਕੇ ਬਹੁਮਤ ਦਾ ਅੰਕੜਾ 45 ਹਾਸਿਲ ਕੀਤਾ ਸੀ ਤੇ ਸਰਕਾਰ ਬਣਾਈ ਸੀ।
ਅੱਜ ਇਸ ਗਠਜੋੜ ਤੋਂ ਬਾਹਰ ਆਉਣ ਦਾ ਐਲਾਨ ਕਰਦਿਆਂ ਰਾਮ ਮਾਧਵ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਥਿਤੀ ਨੂੰ ਕਾਬੂ ਕਰਨ ਲਈ ਉਨ੍ਹਾਂ ਫੈਂਸਲਾ ਕੀਤਾ ਹੈ ਕਿ ਸੂਬੇ ਦਾ ਪ੍ਰਬੰਧ ਗਵਰਨਰ ਦੇ ਹੱਥਾਂ ਵਿਚ ਦੇ ਦੇਣਾ ਚਾਹੀਦਾ ਹੈ।
ਭਾਰਤ ਤੋਂ ਅਜ਼ਾਦ ਹੋਣ ਲਈ ਸੰਘਰਸ਼ ਕਰ ਰਹੇ ਕਸ਼ਮੀਰ ਵਿਚ ਇਹ 4 ਦਹਾਕਿਆਂ ਵਿਚ ਲੱਗਣ ਜਾ ਰਿਹਾ ਅੱਠਵਾਂ ਰਾਸ਼ਟਰਪਤੀ ਰਾਜ ਹੈ। ਜੰਮੂ ਕਸ਼ਮੀਰ ਵਿਚ ਇਸ ਸਮੇਂ ਤੈਨਾਤ ਭਾਰਤੀ ਗਵਰਨਰ ਐਨ.ਐਨ ਵੋਹਰਾ ਦੀ ਗਵਰਨਰੀ ਦੇ ਸਮੇਂ ਵਿਚ ਇਹ ਚੌਥਾ ਮੌਕਾ ਹੋਵੇਗਾ ਜਦੋਂ ਜੰਮੂ ਕਸ਼ਮੀਰ ਵਿਚ ਭਾਰਤ ਦਾ ਰਾਸ਼ਟਰਪਤੀ ਰਾਜ ਲਾਗੂ ਹੋਵੇਗਾ।