August 12, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਭਾਰਤੀ ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਡੋਕਲਾਮ ਵਿਵਾਦ ‘ਤੇ ਬੀਜਿੰਗ ਵਲੋਂ ਹਮਲਾਵਰ ਰੁਖ ਨੂੰ ਦੇਖਦੇ ਹੋਏ ਭਾਰਤ ਨੇ ਪ੍ਰਮੁੱਖ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ‘ਚ ਚੀਨ ਨਾਲ ਲਗਦੀ ਸਰਹੱਦ ‘ਤੇ ਹੋਰ ਫੌਜੀਆਂ ਦੀ ਤਾਇਨਾਤੀ ਕੀਤੀ ਹੈ। ਸ਼ੁੱਕਰਵਾਰ (11 ਅਗਸਤ) ਨੂੰ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫੌਜੀਆਂ ਵਲੋਂ ਚੌਕਸੀ ਦਾ ਪੱਧਰ ਵੀ ਵਧਾਇਆ ਗਿਆ ਹੈ।
ਸਿੱਕਮ ਤੋਂ ਅਰੁਣਾਚਲ ਪ੍ਰਦੇਸ਼ ਤੱਕ 1400 ਕਿਲੋਮੀਟਰ ਚੀਨ-ਭਾਰਤ ਸਰਹੱਦ ‘ਤੇ ਫੌਜੀਆਂ ਦੀ ਤਾਇਨਾਤੀ ਦਾ ਫ਼ੈਸਲਾ ਸਥਿਤੀ ਦਾ ਵਿਸਥਾਰ ‘ਚ ਵਿਸ਼ਲੇਸ਼ਣ ਕਰਨ ਅਤੇ ਡੋਕਲਾਮ ‘ਤੇ ਚੀਨ ਦਾ ਭਾਰਤ ਪ੍ਰਤੀ ਹਮਲਾਵਰ ਰੁਖ਼ ਨੂੰ ਦੇਖਦਿਆਂ ਲਿਆ ਗਿਆ ਹੈ। ਭਾਰਤੀ ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੂਚਨਾ ਸੰਵਦੇਨਸ਼ੀਲ ਕਿਸਮ ਦੀ ਹੋਣ ਕਾਰਨ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਸਿੱਕਮ ਅਤੇ ਅਰੁਣਾਚਲ ਸੈਕਟਰਾਂ ਵਿਚ ਚੀਨ ਨਾਲ ਲਗਦੀ ਸਰਹੱਦ ‘ਤੇ ਫੌਜੀਆਂ ਦਾ ਪੱਧਰ ਵਧਾਇਆ ਗਿਆ ਹੈ। ਪੂਰਬੀ ਥੀਏਟਰ ਵਿਚ ਸੰਵੇਦਨਸ਼ੀਲ ਚੀਨ-ਭਾਰਤ ਸਰਹੱਦ ਦੀ ਰਾਖੀ ਦਾ ਕੰਮ ਫ਼ੌਜ ਦੀ ਸੁਕਨਾ ਆਧਾਰਤ 33 ਕੋਰ ਅਤੇ ਅਰੁਣਾਚਲ ਅਤੇ ਆਸਾਮ ਵਿਚ 3 ਤੇ 4 ਕੋਰ ਨੂੰ ਸੌਂਪਿਆ ਗਿਆ ਹੈ। ਅਧਿਕਾਰੀਆਂ ਨੇ ਤਾਇਨਾਤੀ ਵਿਚ ਵਾਧੇ ਦੇ ਅੰਕੜੇ ਜਾਂ ਪ੍ਰਤੀਸ਼ਤ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਫੌਜੀ ਤਿਆਰੀਆਂ ਦੇ ਵੇਰਵਿਆਂ ਦਾ ਪ੍ਰਗਟਾਵਾ ਨਹੀਂ ਕਰ ਸਕਦੇ। ਭਾਰਤੀ ਰੱਖਿਆ ਮਾਹਰਾਂ ਮੁਤਾਬਕ ਮੌਸਮ ਮੁਤਾਬਕ ਰਹਿਣ ਦਾ ਅਭਿਆਸ ਮੁਕੰਮਲ ਕਰਨ ਵਾਲੇ ਫੌਜੀਆਂ ਸਮੇਤ ਲਗਭਗ 45000 ਫੌਜੀਆਂ ਨੂੰ ਕਿਸੇ ਵੀ ਸਮੇਂ ਤਾਇਨਾਤ ਕਰਨ ਲਈ ਤਿਆਰ ਰੱਖਿਆ ਜਾਂਦਾ ਹੈ। 9000 ਫੁੱਟ ਤੋਂ ਉਚਾਈ ‘ਤੇ ਤਾਇਨਾਤ ਫੌਜੀਆਂ ਨੂੰ ਮੌਸਮ ਦਾ ਟਾਕਰਾ ਕਰਨ ਲਈ 14 ਦਿਨ ਦਾ ਅਭਿਆਸ ਕਰਨਾ ਪੈਂਦਾ ਹੈ।
ਇਸ ਦੌਰਾਨ ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਗੋਲਾ-ਬਾਰੂਦ ਦੀ ਕਮੀ ਦੀਆਂ ਰਿਪੋਰਟਾਂ ਨੂੰ ਖ਼ਾਰਜ ਕਰਦਿਆਂ ਸ਼ੁੱਕਰਵਾਰ ਨੂੰ ਲੋਕ ਸਭਾ ’ਚ ਦਾਅਵਾ ਕੀਤਾ ਕਿ ਫ਼ੌਜ ਕੋਲ ਲੋੜੀਂਦੀ ਮਾਤਰਾ ਵਿੱਚ ਗੋਲਾ-ਬਾਰੂਦ ਹੈ।
Related Topics: Doklam isssue, Indian Army, Indo - Chinese Relations