ਸਿਆਸੀ ਖਬਰਾਂ » ਸਿੱਖ ਖਬਰਾਂ

ਦਲ ਖਾਲਸਾ ਵਲੋਂ ਸਿੱਖਾਂ ਨੂੰ 26 ਜਨਵਰੀ ਦੇ ਬਾਈਕਾਟ ਕਰਨ ਦਾ ਸੱਦਾ ਅਤੇ ਜ਼ੀਰਾ ਵਿਖੇ ਰੋਸ ਪ੍ਰਦਰਸ਼ਨ

January 20, 2017 | By

ਮੋਗਾ: ਦਲ ਖਾਲਸਾ ਨੇ ਭਾਰਤੀ “ਗਣਤੰਤਰ ਦਿਵਸ” ਨੂੰ ਸਿੱਖਾਂ ਲਈ ਵਿਸ਼ਵਾਸਘਾਤ ਦਿਹਾੜਾ ਦਸਦਿਆਂ 26 ਜਨਵਰੀ ਨੂੰ ਸੰਵਿਧਾਨਕ ਗ਼ੁਲਾਮੀ, ਬੇਇਨਸਾਫੀਆਂ ਅਤੇ ਵਿਤਕਰਿਆਂ ਵਿਰੁੱਧ ਜ਼ੀਰਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

26 ਜਨਵਰੀ ਨੂੰ ਵਿਸਾਹਘਾਤ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਿੱਖ ਇਸ ਮੁਲਕ ਵਿੱਚ ਗ਼ੁਲਾਮੀ ਵਾਲੀ ਜ਼ਿੰਦਗੀ ਭੋਗ ਰਹੇ ਹਨ ਅਤੇ ਭਾਰਤ ਅੰਦਰ ਜਮਹੂਰੀਅਤ ਕੇਵਲ ਨਾਂ ਦੀ ਹੀ ਹੈ। ਇਸੇ ਤਰ੍ਹਾਂ ਦਲ ਖ਼ਾਲਸਾ ਨੇ 24 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਭਾਰਤੀ ਸੰਵਿਧਾਨ, ਵੋਟ-ਪ੍ਰਣਾਲੀ ਅਤੇ ਸਵੈ-ਨਿਰਣੇ ਦੇ ਅਧਿਕਾਰ ਬਾਰੇ ਇਕ ਕਨਵੈਨਸ਼ਨ ਕਰਨ ਦਾ ਫੈਸਲਾ ਵੀ ਕੀਤਾ ਹੈ।

ਦਲ ਖਾਲਸਾ ਦੇ ਇਸ ਪ੍ਰੋਗਰਾਮ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਏਕ ਨੂਰ ਖਾਲਸਾ ਫੌਜ, ਦਸ਼ਮੇਸ਼ ਗੁਰਮਤਿ ਲਹਿਰ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (ਧੱਲੇਕੇ) ਦੀ ਹਮਾਇਤ ਹਾਸਿਲ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਸੁਰਜੀਤ ਸਿੰਘ ਖਾਲਿਸਤਾਨੀ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁੰਹਮਦ ਨੇ ਕਿਹਾ ਕਿ ਪਿਛਲ਼ੇ 68 ਸਾਲਾਂ ਤੋਂ ਸਿੱਖਾਂ ਦੇ ਹੱਕ ਖੋਹੇ ਗਏ ਹਨ ਅਤੇ ਸੰਵਿਧਾਨ ਦੀਆਂ ਕਈ ਮੱਦਾਂ ਉਹਨਾਂ ਨੂੰ ਠਿੱਠ ਕਰ ਰਹੀਆਂ ਹਨ।

dal khalsa 26 january protest

ਦਲ ਖਾਲਸਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ 26 ਜਨਵਰੀ ਦੇ ਬਾਈਕਾਟ ਸਬੰਧੀ ਜਾਰੀ ਇਸ਼ਤਿਹਾਰ ਮੀਡੀਆ ਨੂੰ ਦਿਖਾਉਂਦੇ ਹੋਏ

ਉਹਨਾਂ ਕਿਹਾ ਕਿ 26 ਜਨਵਰੀ ਦਾ ਦਿਨ ਸਿੱਖਾਂ ਲਈ ਸੰਵਿਧਾਨ ਦੀ ਛੱਤਰ-ਛਾਇਆ ਹੇਠ ਅਤੇ ਪ੍ਰਵਾਨਗੀ ਨਾਲ ਜੋ ਕੁਝ ਸਿੱਖਾਂ ਨਾਲ ਵਾਪਰਿਆ ਉਸ ਦੀ ਨਿਰਪੱਖ ਅਤੇ ਬਿਨਾਂ ਭੈਅ ਤੋਂ ਸਵੈ-ਪੜਚੋਲ ਕਰਨ ਦਾ ਦਿਨ ਹੈ। ਉਹਨਾਂ ਕਿਹਾ ਕਿ ਪਿਛਲੇ ਕਈ ਦਹਾਕੇ ਸਿੱਖਾਂ ਨੇ ਦੁਖਾਂ-ਤਕਲੀਫਾਂ ਭਰੇ ਬਿਤਾਏ ਹਨ ਅਤੇ ਭਾਰਤੀ ਸੰਵਿਧਾਨ, ਸਿੱਖਾਂ ਦੀਆਂ ਇਛਾਵਾਂ ਅਤੇ ਭਾਵਨਾਵਾਂ ਦੀ ਸੰਤੁਸ਼ਟੀ ਅਤੇ ਤਰਜਮਾਨੀ ਕਰਨ ਵਿੱਚ ਨਾ-ਕਾਮਯਾਬ ਅਤੇ ਅਸਫਲ ਰਿਹਾ ਹੈ।

ਉਹਨਾਂ ਕਿਹਾ ਕਿ 67 ਸਾਲ ਬਾਅਦ ਵੀ ਸਿੱਖ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) (2) ਅਨੁਸਾਰ “ਹਿੰਦੂ” ਹੀ ਹਨ। ਕਾਨੂੰਨੀ ਤੌਰ ‘ਤੇ ਅੱਜ ਵੀ ਸਿੱਖਾਂ ਨੂੰ ਹਿੰਦੂ ਧਰਮਾਂ ਦੇ ਰਹੁਰੀਤਾਂ ਅਤੇ ਰੀਤੀ-ਰਿਵਾਜ਼ ਤਹਿਤ ਕਾਰ-ਵਿਹਾਰ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਉਹਨਾਂ ਖੁਲਾਸਾ ਕਰਦਿਆਂ ਦਸਿਆ ਕਿ ਸੰਵਿਧਾਨ ਨੂੰ ਛਿੱਕੇ-ਟੰਗ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ, ਸਿੱਖ ਕੌਮ ਦੀਆਂ ਰਾਜਸੀ ਇੱਛਾਵਾਂ ਨੂੰ ਕੁਚਲਣ, ਭਾਰਤੀ ਸਭਿਆਚਾਰ ਨੂੰ ਘੱਟ-ਗਿਣਤੀ ਕੌਮਾਂ ਉਤੇ ਜਬਰੀ ਥੋਪਣ, ਅਦਾਲਤਾਂ ਵਲੋਂ ਲੋਕਾਂ ਉਤੇ ਅਖੌਤੀ “ਰਾਸ਼ਟਰੀ ਗੀਤ ਜਨ ਗਨ ਮਨ” ਨੂੰ ਜਬਰੀ ਥੋਪਣ ਅਤੇ ਸਿੱਖ ਧਰਮ ਦੇ ਸਿਧਾਂਤਾਂ ਦੇ ਲਗਾਤਾਰ ਕੀਤੇ ਅਪਮਾਨ ਅਤੇ ਪਿਛਲ਼ੇ 3 ਦਹਾਕਿਆਂ ਤੋਂ ਸਿੱਖ ਨੌਜਵਾਨਾਂ ਦੇ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

ਉਹਨਾਂ ਦਸਿਆ ਕਿ ਇਹ ਰੋਸ ਪ੍ਰਦਰਸ਼ਨ ਬਸ ਸਟੈਂਡ ਨੇੜੇ ਮੇਨ ਚੌਂਕ ਵਿੱਚ ਦੁਪਹਿਰ 12 ਤੋਂ 3 ਵਜੇ ਤੱਕ ਕੀਤਾ ਜਾਵੇਗਾ। ਉਹਨਾਂ ਸਪੱਸ਼ਟ ਕੀਤਾ ਕਿ ਆਵਾਜਾਈ ਨਹੀਂ ਰੋਕੀ ਜਾਵੇਗੀ।

ਉਹਨਾਂ ਕਿਹਾ ਕਿ ਇਹਨਾਂ ਪ੍ਰੋਗਰਾਮ ਵਿੱਚ ਨੌਜਵਾਨ ਕਾਰਜਕਰਤਾ ਕਾਲੇ ਝੰਡੇ ਲੈ ਕੇ ਭਾਰਤੀ ਗਣਤੰਤਰਤਾ ਵਿਰੁੱਧ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਜਤਾਉਣਗੇ। ਉਹਨਾਂ ਸਮੂੰਹ ਸਿੱਖਾਂ ਨੂੰ 26 ਜਨਵਰੀ ਦੇ ਜਸ਼ਨਾਂ ਦਾ ਬਾਈਕਾਟ ਕਰਨ ਅਤੇ ਵਿਸ਼ੇਸ਼ ਕਰਕੇ ਅਧਿਆਪਕ ਅਤੇ ਵਿਦਾਆਰਥੀ ਵਰਗ ਨੂੰ ਸਰਕਾਰੀ ਜਾਂ ਗੈਰ-ਸਰਕਾਰੀ ਜਸ਼ਨਾਂ ਵਿੱਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ।

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਿੱਖਾਂ ਲਈ ਭਾਰਤੀ ਗਣਤੰਤਰ ਦਿਵਸ ਦੇ ਕੋਈ ਅਰਥ ਨਹੀਂ ਹਨ ਅਤੇ ਇਹ ਦਿਨ ਖੁਸ਼ੀ ਜਾਂ ਜਸ਼ਨ ਮਨਾਉਣ ਦੇ ਨਹੀਂ ਸਗੋਂ ਗੁਲਾਮੀ ਗਲੋਂ ਲਾਉਣ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਹੈ। ਇਸ ਮੌਕੇ ਉਨਾਂ ਨਾਲ ਗੁਰਮੁਖ ਸਿੰਘ, ਡਾ ਕਾਰਜ ਸਿੰਘ, ਜਗਜੀਤ ਸਿੰਘ ਖੋਸਾ, ਬਲਬੀਰ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕਤਰ ਗੁਰਮੀਤ ਸਿੰਘ, ਨਵਦੀਪ ਸਿੰਘ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,