ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕੀ ਤੋਤਾ ਸਿੰਘ, ਮਜੀਠੀਆ, ਟਾਈਟਲਰ, ਸੱਜਣ ਕੁਮਾਰ ਤੋਂ ਅਸਤੀਫਾ ਲੈ ਲਿਆ ਗਿਆ ਹੈ ?: ਜਰਨੈਲ ਸਿੰਘ ਪੱਤਰਕਾਰ

September 4, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਭ੍ਰਿਸ਼ਟਾਚਾਰੀਆਂ, ਦੋਸ਼ੀਆਂ ਅਤੇ ਚਰਿਤੱਰਹੀਣਾਂ ਦੀ ਕੋਈ ਜਗ੍ਹਾ ਨਹੀਂ ਹੈ। ਜਰਨੈਲ ਸਿੰਘ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਂਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉੱਤੇ ਉਨ੍ਹਾਂ ਦੇ ਨਾਲ ਪਾਰਟੀ ਦੇ ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿਲ ਅਤੇ ਪ੍ਰਬੰਧਕੀ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੁੱਖੀ ਜਸਬੀਰ ਸਿੰਘ ਬੀਰ (ਸੇਵਾ ਮੁਕੱਤ ਆਈਏਐਸ) ਮੌਜੂਦ ਸਨ।

ਜਰਨੈਲ ਸਿੰਘ ਨੇ ਦੱਸਿਆ ਕਿ ਦਿੱਲੀ ਮੰਤਰੀ ਮੰਡਲ ਵਲੋਂ ਕੱਢੇ ਗਏ ਸੰਦੀਪ ਕੁਮਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਸੁੱਚਾ ਸਿੰਘ ਛੋਟੇਪੁਰ ਵਲੋਂ ਪਾਰਟੀ ਦੇ ਨਿਯਮਾਂ-ਕਾਨੂੰਨ ਦੇ ਉਲਟ ਜਾ ਕੇ ਪੈਸੇ ਲੈਣ ਦੀ ਗੱਲ ਕਬੂਲ ਕਰਣ ਤੋਂ ਬਾਅਦ ਉਨ੍ਹਾਂ ਨੂੰ ਕਨਵੀਨਰ ਪਦ ਤੋਂ ਤੁਰੰਤ ਹਟਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ, ਪਰੰਤੂ ਭ੍ਰਿਸ਼ਟਾਚਾਰ ਅਤੇ ਚਰਿੱਤਰਹੀਣਤਾ ਦੇ ਦੋਸ਼ਾਂ ਵਿੱਚ ਘਿਰੇ ਆਪਣੇ ਆਗੂਆਂ ਉੱਤੇ ਕੀ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਕਦੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ? ਪੰਕਜਾ ਮੁੰਡੇ, ਵਸੁੰਧਰਾ ਰਾਜੇ, ਸ਼ਿਵਰਾਜ ਸਿੰਘ ਚੌਹਾਨ ਵਰਗੇ ਆਗੂਆਂ ਦੇ ਭ੍ਰਿਸ਼ਟਾਚਾਰ ਉੱਤੇ ਭਾਜਪਾ ਨੇ ਕੋਈ ਕਾਰਵਾਈ ਨਹੀਂ ਕੀਤੀ। ਬਲਾਤਕਾਰ ਦੇ ਦੋਸ਼ ਵਿੱਚ ਘਿਰੇ ਨਿਹਾਲ ਚੰਦ ਨੂੰ ਨਰਿੰਦਰ ਮੋਦੀ ਨੇ ਮੰਤਰੀ ਪਦ ਦੇ ਕੇ ਨਿਵਾਜਿਆ ਹੈ। ਸੈਕਸ ਸੀਡੀਜ ਸਾਹਮਣੇ ਆਉਣ ਦੇ ਬਾਵਜੂਦ ਕਾਂਗਰਸੀ ਨੇਤਾ ਅਸ਼ੋਕ ਮਨੂੰ ਸਿੰਘਵੀ ਅਤੇ ਐਨ ਡੀ ਤਿਵਾਰੀ ਵਰਗੇ ਕਾਂਗਰਸੀ ਆਗੂਆਂ ਉੱਤੇ ਕਾਂਗਰਸ ਨੇ ਸਖ਼ਤ ਕਾਰਵਾਈ ਦੀ ਹਿੰਮਤ ਨਹੀਂ ਵਿਖਾਈ। 1984 ਦੇ ਸਿੱਖ ਕਤਲੇਆਮ ਦੇ ਪ੍ਰਮੁੱਖ ਦੋਸ਼ੀਆਂ ਵਿੱਚ ਸ਼ਾਮਲ ਜਗਦੀਸ਼ ਟਾਇਟਲਰ ਅਤੇ ਸੱਜਨ ਕੁਮਾਰ ਵਰਗੇ ਕਾਤਲਾਂ ਨੂੰ ਕਾਂਗਰਸ ਮੰਤਰੀ ਪਦ ਤੋਂ ਲੈ ਕੇ ਵੱਡੇ-ਵੱਡੇ ਰੁਤਬੇ ਦਿੰਦੀ ਆ ਰਹੀ ਹੈ। ਪੰਜਾਬ ਕਾਂਗਰਸ ਪ੍ਰਮੁੱਖ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਣ ਕਿ ਟਾਇਟਲਰ ਅਤੇ ਸੱਜਣ ਕੁਮਾਰ ਵਰਗੇ ਲੋਕਾਂ ਦੀ ਹਾਜ਼ਰੀ ਉਨ੍ਹਾਂ ਦੀ ਆਤਮਾ ਨੂੰ ਕਿਉਂ ਨਹੀਂ ਜਗਾਉਂਦੀ। ਇਸੇ ਤਰ੍ਹਾਂ ਅਕਾਲੀ ਦਲ ਨੇ ਵੀ ਡਰਗ ਮਾਮਲੇ ਦੇ ਦੋਸ਼ੀ ਬਿਕਰਮ ਸਿੰਘ ਮਜੀਠੀਆ, ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਜਾ ਯਾਫਤਾ ਹੋਏ ਅਤੇ ਬੀਜ ਅਤੇ ਪੈਸਟੀਸਾਇਡ ਘੋਟਾਲੇ ਵਿੱਚ ਘਿਰੇ ਕੈਬਿਨੇਟ ਮੰਤਰੀ ਤੋਤਾ ਸਿੰਘ ਵਰਗੇ ਅਣਗਿਣਤ ਆਗੂਆਂ ਉੱਤੇ ਕਦੇ ਕੋਈ ਕਾਰਵਾਈ ਨਹੀਂ ਕੀਤੀ।

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ-ਇੰਚਾਰਜ ਜਰਨੈਲ ਸਿੰਘ ਪੱਤਰਕਾਰ, ਹਿੰਮਤ ਸਿੰਘ ਸ਼ੇਰਗਿੱਲ ਅਤੇ ਜਸਬੀਰ ਸਿੰਘ ਬੀਰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ-ਇੰਚਾਰਜ ਜਰਨੈਲ ਸਿੰਘ ਪੱਤਰਕਾਰ, ਹਿੰਮਤ ਸਿੰਘ ਸ਼ੇਰਗਿੱਲ ਅਤੇ ਜਸਬੀਰ ਸਿੰਘ ਬੀਰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਬਤੌਰ ਜਾਂਚ ਕਮੇਟੀ ਮੈਂਬਰ ਜਰਨੈਲ ਸਿੰਘ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਸੁੱਚਾ ਸਿੰਘ ਛੋਟੇਪੁਰ ਨੂੰ ਉਨ੍ਹਾਂ ਦੀ ਕਮੇਟੀ ਅੱਜ ਲਿਖਤੀ ਨੋਟਿਸ ਜਾਰੀ ਕਰ ਰਹੀ ਹੈ ਤਾਂਕਿ ਉਹ ਆਪਣਾ ਪੱਖ ਰੱਖ ਸਕਣ। ਇੱਕ ਜਵਾਬ ਵਿੱਚ ਉਨ੍ਹਾਂ ਨੇ ਦੱਸਿਆ ਕਿ ਹਫਤੇ-ਦਸ ਦਿਨਾਂ ਦੇ ਵਿੱਚ ਜਾਂਚ ਕਾਰਜ ਮੁਕੰਮਲ ਕਰ ਲਿਆ ਜਾਵੇਗਾ। ਸਟਿੰਗ ਜਾਰੀ ਕਰਣ ਸਬੰਧੀ ਜਰਨੈਲ ਸਿੰਘ ਨੇ ਕਿਹਾ ਕਿ ਜਦੋਂ ਛੋਟੇਪੁਰ ਨੇ ਮੀਡੀਆ ਵਿੱਚ ਪੈਸੇ ਲੈਣ ਵਾਲੀ ਗੱਲ ਨੂੰ ਕਬੂਲ ਕਰ ਹੀ ਲਿਆ ਹੈ ਤਾ ਸੀਡੀ ਨੂੰ ਸਾਰਵਜਨਿਕ ਕਰਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ ਅਤੇ ਨਾਲ ਹੀ ਦੱਸਿਆ ਕਿ ਵੈਸੇ ਉਨ੍ਹਾਂ ਨੇ ਸਟਿੰਗ ਵੇਖ ਲਿਆ ਹੈ।

ਵਰਣਨਯੋਗ ਹੈ ਕਿ ਜਸਬੀਰ ਸਿੰਘ ਬੀਰ ਵੀ ਜਰਨੈਲ ਸਿੰਘ ਦੇ ਨਾਲ ਦੋ ਮੈਂਬਰੀ ਕਮੇਟੀ ਦੇ ਮੈਂਬਰ ਹਨ। ਹਰਦੀਪ ਸਿੰਘ ਕਿੰਗਰਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਜਰਨੈਲ ਸਿੰਘ ਨੇ ਸਪੱਸ਼ਟ ਕੀਤਾ ਕਿ 4-5 ਮਹੀਨਿਆਂ ਤੋਂ ਉਨ੍ਹਾਂ ਦੀ ਕਿੰਗਰੇ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੈ ਅਤੇ ਨਾ ਹੀ ਫੋਨ ਉੱਤੇ ਗੱਲ ਹੋਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਛੋਟੇਪੁਰ ਦੇ ਮੁੱਦੇ ਨੂੰ ਬਹਾਨਾ ਬਣਾਕੇ ਜੋ ਲੋਕ ਪਾਰਟੀ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਉੱਤੇ ਅਨੁਸ਼ਾਸਨਾਤਮਕ ਕਾਰਵਾਈ ਹੋਵੇਗੀ। ਚੌਥੇ ਫਰੰਟ ਸਬੰਧੀ ਜਰਨੈਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਦੀ ਲੁੱਟ ਅਤੇ ਜ਼ੁਲਮ ਨਾਲ ਸਤਾਏ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਮਾਤਰ ਰਾਜਨੀਤਕ ਵਿਕਲਪ ਦੇ ਰੂਪ ਵਿੱਚ ਚੁਣ ਲਿਆ ਹੈ। ਹੁਣ ਇਹ ਵੇਖਣਾ ਜ਼ਰੂਰੀ ਹੈ ਕਿ ਇਸ ਸਮੇਂ ਜੇਕਰ ਕੋਈ ਚੌਥਾ ਰਾਜਨੀਤਕ ਫਰੰਟ ਬਣਦਾ ਹੈ ਉਸਦਾ ਕਿਸਨੂੰ ਮੁਨਾਫ਼ਾ ਅਤੇ ਕਿਸਨੂੰ ਨੁਕਸਾਨ ਹੋਵੇਗਾ। ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਿੱਤ ਸਮਝਣ ਵਾਲਾ ਕੋਈ ਵੀ ਇਨਸਾਨ ਇਸ ਸਮੇਂ ਅਜਿਹਾ ਕੋਈ ਕੰਮ ਨਹੀਂ ਕਰੇਗਾ, ਜਿਸਦਾ ਮੁਨਾਫ਼ਾ ਪੰਜਾਬ ਨੂੰ ਲੁੱਟ ਰਹੇ ਬਾਦਲਾਂ ਨੂੰ ਮਿਲਦਾ ਹੋਵੇ।

‘ਆਪ’ ਨੂੰ ਮੀਡੀਆ ਦੇ ਸਹਿਯੋਗ ਦੀ ਬੇਹੱਦ ਜ਼ਰੂਰਤ

ਜਰਨੈਲ ਸਿੰਘ ਨੇ ਭਗਵੰਤ ਮਾਨ ਮਾਮਲੇ ਵਿੱਚ ਗਹਿਰਾ ਅਫਸੋਸ ਜਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਭਗਵੰਤ ਮਾਨ ਤੋਂ ਜਾਣੇ-ਅਣਜਾਨੇ ਪੱਤਰਕਾਰਾਂ ਦੇ ਨਾਲ ਕੋਈ ਬਦਸਲੂਕੀ ਹੋਈ ਹੈ ਤਾਂ ਉਨ੍ਹਾਂ ਦੇ ਸਮੇਤ ਪੂਰੀ ਪਾਰਟੀ ਪੱਤਰਕਾਰ ਭਾਈਚਾਰੇ ਤੋਂ ਬਿਨਾਂ ਸ਼ਰਤ ਮੁਆਫੀ ਮੰਗਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਇਸ ਸਬੰਧੀ ਭਗਵੰਤ ਮਾਨ ਨੂੰ ਵੀ ਹਿਦਾਇਤ ਕਰੇਗੀ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਹੋਵੇ। ਜਰਨੈਲ ਸਿੰਘ ਨੇ ਕਿਹਾ ਕਿ ਇਸ ਮੁੱਦੇ ਉੱਤੇ ਭਗਵੰਤ ਮਾਨ ਵੀ ਮੀਡੀਆ ਦੇ ਰੂਬਰੂ ਹੋ ਕੇ ਮੁਆਫੀ ਮੰਗ ਲੈਣਗੇ।

ਇੱਕ ਜਵਾਬ ਵਿੱਚ ਜਰਨੈਲ ਸਿੰਘ ਨੇ ਦੱਸਿਆ ਕਿ ਵਿਰੋਧੀ ਦਲਾਂ ਵਲੋਂ ਇੱਕ ਸੋਚੇ ਸਮਝੇ ਏਜੰਡੇ ਦੇ ‘ਬਾਹਰੀ ਬਨਾਮ ਪੰਜਾਬੀ’ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰੰਤੂ ਇਹ ਬੇ-ਬੁਨਿਆਦ ਮੁੱਦਾ ਹੈ, ਕਿਉਂਕਿ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ਵਰਗੇ ਰਾਸ਼ਟਰੀ ਨੇਤਾ ਚੋਣ ਤੱਕ ਪਾਰਟੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ, ਇਹੀ ਗੱਲ ਵਿਰੋਧੀ ਦਲਾਂ ਨੂੰ ਖੜਕ ਰਹੀ ਹੈ। ਜਰਨੈਲ ਸਿੰਘ ਨੇ ਪੁੱਛਿਆ ਕੀ ਆਸ਼ਾ ਕੁਮਾਰੀ, ਹਰੀਸ਼ ਚੌਧਰੀ, ਸ਼ਕੀਲ ਅਹਿਮਦ ਵਰਗੇ ਨੇਤਾ ਪੰਜਾਬੀ ਹਨ।

ਮਲੋਟ ਵਿੱਚ ਭਗਵੰਤ ਮਾਨ ਦੀ ਰੈਲੀ ਉੱਤੇ ਅਕਾਲੀ ਦਲ ਦੇ ਗੁੰਡਿਆਂ ਵਲੋਂ ਕੀਤੇ ਗਏ ਹਮਲੇ ਦੀ ਕੜੀ ਨਿੰਦਾ ਕਰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਹਰਮਨਪਿਆਰਤਾ ਨੂੰ ਵੇਖ ਕੇ ਅਕਾਲੀ-ਕਾਂਗਰਸੀ ਬੁਰੀ ਤਰ੍ਹਾਂ ਬੌਂਦਲ ਗਏ ਹਨ। ਉਨ੍ਹਾਂ ਨੇ ਕਿਹਾ, ‘ਅਜਿਹੇ ਹਮਲੇ ਬੌਖਲਾਹਟ ਦੀ ਨਿਸ਼ਾਨੀ ਹੈ, ਪਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਕਾਰਜਕਰਤਾ ਇਹਨਾਂ ਦੀ ਗੁੰਡਾਗਰਦੀ ਤੋਂ ਡਰਨ ਵਾਲੇ ਨਹੀਂ ਹਨ। ਇਨ੍ਹਾਂ ਦੇ ਹਰ ਜ਼ੁਲਮ ਦਾ ਡਟਕੇ ਸਾਹਮਣਾ ਕੀਤਾ ਜਾਵੇਗਾ’।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,