April 9, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਬੀਰਦਵਿੰਦਰ ਸਿੰਘ ਨੂੰ ਕਾਂਗਰਸ ਵਿੱਚੋਂ 6 ਸਾਲ ਲਈ ਕੱਢਣ ਦਾ ਫੈਸਲਾ ਲਿਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਪ੍ਰਦੇਸ਼ ਕਾਂਗਰਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ. ਬੀਰਦਵਿੰਦਰ ਸਿੰਘ ਨੂੰ ਨੋਟਿਸ ਜਾਰੀ ਕਰਕੇ ਅਨੁਸ਼ਾਸ਼ਨੀ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ,ਪਰ ਬੀਰਦਵਿੰਦਰ ਸਿੰਘ ਵੱਲੋਂ ਪਾਰਟੀ ਨੋਟਿਸ ਦਾ ਜਵਾਬ ਦੇਣ ਦੀ ਥਾਂ ਜਿਸ ਢੰਗ ਨਾਲ ਮੀਡੀਆ ਵਿਚ ਪਾਰਟੀ ਵਿਰੋਧੀ ਬਿਆਨਬਾਜ਼ੀ ਜਾਰੀ ਰੱਖੀ ਜਾ ਰਹੀ ਸੀ, ਉਸ ਤੋਂ ਬਾਅਦ ਕਮੇਟੀ ਕੋਲ ਉਨ੍ਹਾਂ ਵਿਰੁੱਧ ਕਾਰਵਾਈ ਤੋਂ ਇਲਾਵਾ ਹੋਰ ਕੋਈ ਵਿਕਲਪ ਹੀ ਨਹੀਂ ਸੀ ਰਹਿ ਗਿਆ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਵੱਲੋਂ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ, ਜਿਸ ਦਾ ਉਹ ਜਵਾਬ ਦਿੰਦੇ । ਪਰ ਉਨ੍ਹਾਂ ਪਾਰਟੀ ‘ਚੋਂ ਉਨ੍ਹਾਂ ਨੂੰ 6 ਸਾਲ ਲਈ ਕੱਢਣ ਸਬੰਧੀ ਲਏ ਗਏ ਫੈਸਲੇ ‘ਤੇ ਵੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਹ ਕਾਂਗਰਸ ਦੇ ਫੈਸਲੇ ‘ਤੇ ਪਹਿਲਾਂ ਵਿਚਾਰ ਕਰਨਾ ਚਾਹੁੰਣਗੇ ।
ਬੀਰਦਵਿੰਦਰ ਸਿੰਘ ਵੱਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੀ ਜਨਤਕ ਤੌਰ ‘ਤੇ ਕੀਤੀ ਗਈ ਨੁਕਤਾਚੀਨੀ ਤੇ ਉਨ੍ਹਾਂ ‘ਤੇ ਲਾਏ ਗਏ ਸੰਗੀਨ ਦੋਸ਼ਾਂ ਜਿਨ੍ਹਾਂ ਵਿਚ ਉਨ੍ਹਾਂ ਇਹ ਵੀ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ‘ਤੇ ਅੰਮਿ੍ਤਸਰ ਇੰਪਰੂਵਮੈਂਟ ਟਰੱਸਟ ਕੇਸ ਵਿਚਲੇ ਆਪਣੇ ਪੁਰਾਣੇ ਬਿਆਨ ਨੂੰ ਵਾਪਸ ਲੈਣ ਲਈ ਜ਼ੋਰ ਪਾਇਆ ਗਿਆ ।
ਇਸ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸ. ਬੀਰਦਵਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਪਾਰਟੀ ਦੇ ਚੋਣ ਸਲਾਹਕਾਰ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੂੰ ਵਿਸ਼ੇਸ਼ ਮਿਸ਼ਨ ‘ਤੇ ਚੰਡੀਗੜ੍ਹ ਭੇਜਿਆ ਗਿਆ, ਜਿਨ੍ਹਾਂ ਸ. ਬੀਰਦਵਿੰਦਰ ਸਿੰਘ ਨਾਲ ਚੰਡੀਗੜ੍ਹ ਦੇ ਹਵਾਈ ਅੱਡੇ ‘ਤੇ ਬੈਠਕ ਕਰਕੇ ਕੋਈ ਇੱਕ ਘੰਟੇ ਤੋਂ ਵੱਧ ਉਨ੍ਹਾਂ ਨਾਲ ਗੱਲਬਾਤ ਕੀਤੀ, ਪਰ ਪਾਰਟੀ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਕੈਪਟਨ ਤੇ ਬੀਰਦਵਿੰਦਰ ਸਿੰਘ ਦਰਮਿਆਨ ਵਿਵਾਦ ਨੂੰ ਖ਼ਤਮ ਕਰਨ ਵਿਚ ਸਫਲਤਾ ਨਹੀਂ ਮਿਲ ਸਕੀ । ਸ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਹ ਪ੍ਰਦੇਸ਼ ਕਾਂਗਰਸ ਤੋਂ ਅਜਿਹੇ ਹੁਕਮਾਂ ਦੀ ਆਸ ਕਰ ਰਹੇ ਸਨ ।
Related Topics: Bir Devinder Singh, Captain Amrinder Singh Government, Congress Government in Punjab 2017-2022, Punjab Politics