August 8, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (7 ਅਗਸਤ, 2015): ਪਿਛਲੇ ਸਮੇਂ ਤੋਂ ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨਾਲ ਸਬੰਧਿਤ ਵਿਸ਼ਿਆਂ’ਤੇ ਅਧਾਰਿਤ ਬਣ ਰਹੀਆਂ ਪੰਜਾਬੀ ਛੋਟੀਆਂ ਫਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ “ਪੰਜ ਤੀਰ ਰਿਕਾਰਡਜ਼” ਵੱਲੋਂ “ਪੀ ਕੇ ਬਨਾਮ ਸਿੰਘ” (Pk versus Singh) ਇੱਕ ਨਵੀਂ ਫਿਲਮ ਬਣਾਈ ਗਈ ਹੈ।ਇਸ ਫਿਲਮ ਦਾ ਇਸ਼ਤਿਹਾਰ ਫੇਸ ਬੁੱਕ ‘ਤੇ ਜਾਰੀ ਕੀਤਾ ਗਿਆ ਹੈ। ਇਹ ਫਿਲਮ ਇਸੇ ਸਾਲ ਸਤੰਬਰ ਮਹੀਨੇ ਵਿੱਚ ਜਾਰੀ ਕੀਤੀ ਜਾਵੇਗੀ।
ਇਸ ਫਿਲਮ ਦੇ ਲੇਖਕ ਅਤੇ ਮੁੱਖ ਅਦਾਕਾਰ ਸ੍ਰ. ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਿੱਖੀ ਸਰੂਪ ਵਿੱਚ ਪ੍ਰਪੱਕ ਨਾਇਕ ਨੂੰ ਫਿਲਮਾਂ ਵਿੱਚ ਪੇਸ਼ ਕਰਕੇ ਸਮਾਜ ਵਿੱਚ ਫੈਲੀਆਂ ਭੈੜੀਆਂ ਅਲਾਮਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸਿੱਖ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਸਤੋਂ ਪਹਿਲਾਂ ਉਹ ਕਈ ਛੋਟੀਆਂ ਫਿਲਮਾਂ ਬਣਾ ਚੁੱਕੇ ਹਨ,ਜਿੰਨ੍ਹਾਂ ਵਿੱਚ ਪੰਜਾਬ ਵਿੱਚ ਰਾਜਸੀ ਲੋਕਾਂ ਵੱਲੋ ਵਛਾਏ ਨਸ਼ੇ ਦੇ ਜਾਲ ਕਾਰਣ ਬਰਬਾਦ ਹੋ ਰਹੀ ਪੰਜਾਬ ਦੀ ਨੌਜੁਆਨੀ ‘ਤੇ ਅਧਾਰਿਤ ਛੋਟੀ ਫਿਲਮ “ਡੋਲਦਾ ਪੰਜਾਬ, ਅੰਮ੍ਰਿਤਧਾਰੀ ਸਿੱਖ ਬੀਬੀ ਦੇ ਕਿਰਦਾਰ ਨੂੰ ਵਿਖਾਉਦੀਆਂ ਫਿਲਮਾਂ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਅਤੇ ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ (Kaur: A True Identity) ਸ਼ਾਮਲ ਹਨ।
ਉਨ੍ਹਾਂ ਦੱਸਆਿ ਕਿ ਉਨ੍ਹਾਂ ਵੱਲੋਂ ਬਣਾਈ ਛੋਟੀ ਫਿਲਮ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਅਮਰੀਕਾ ਵਿੱਚ ਸਿੱਖ ਨੈੱਟ ਵੱਲੋਂ ਕਰਵਾਏ ਸਿੱਖ ਯੂਥ ਫਿਲਮ ਫੈਸਟੀਵਲ 2014 ਵਿੱਚ ਪਹਿਲੇ ਨੰਬਰ ‘ਤੇ ਰਹੀ, ਜਦਕਿ ਉਨ੍ਹਾਂ ਦੀ ਹੀ ਫਿਲਮ “ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ” (Kaur: A True Identity) ਸਿੱਖ ਯੂਥ ਫਿਲਮ ਫੈਸਟੀਵਲ 2014 ਵਿੱਚ ਦੂਜੇ ਨੰਬਰ ‘ਤੇ ਆਈ।
Related Topics: Punjabi Movies