ਲੇਖ

ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ : ਵੋਹ ਸੰਤ ਕਹਾਂ ਹੈਂ ਜਿਨਹੇ ਪੰਥ ਪਰ ਨਾਜ਼ ਹੈ?

March 1, 2015 | By

ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਬਾਦਲ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ। ਖੁਦ ਬਾਦਲ ਸਾਹਿਬ ਵੀ ਇਸ ਸਮੇਂ ਇਕ ਖੂਬਸੂਰਤ ਵਹਿਮ ਦੇ ਸ਼ਿਕਾਰ ਹਨ ਕਿ ਜਿਵੇਂ ਉਨ੍ਹਾਂ ਨੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾ ਦਿਤੀ ਸੀ, ਇਵੇਂ ਹੀ ਕੋਈ ਇਹੋ ਜਿਹੀ ਟੇਢੀ ਮੇਢੀ ਚਾਲ ਵਰਤ ਕੇ ਬਾਪੂ ਸੂਰਤ ਸਿੰਘ ਨੂੰ ਵੀ ਇਸਤੇਮਾਲ ਕਰ ਲਿਆ ਜਾਵੇਗਾ।

Bapu-surat-Singh1-300x300

ਬਾਪੂ ਸੂਰਤ ਸਿੰਘ ਖਾਲਸਾ

ਪਰ ਬਾਪੂ ਸੂਰਤ ਸਿੰਘ ਕਿਸੇ ਵੀ ਪੱਖ ਤੋਂ ਗੁਰਬਖਸ਼ ਸਿੰਘ ਨਹੀਂ । ਦੋਵਾਂ ਵਿਚ ਬੁਨਿਆਦੀ ਫਰਕ ਹੈ। ਜਿੱਥੇ ਗੁਰਬਖਸ਼ ਸਿੰਘ ਜਿਊਣ ਲਈ ਮਰਦਾ ਸੀ, ਉੱਥੇ ਬਾਪੂ ਸੂਰਤ ਸਿੰਘ ਮਰਨ ਲਈ ਜਿਊਂਦੇ ਹਨ।

ਜਿੱਥੇ ਗੁਰਬਖਸ਼ ਸਿੰਘ ਦੇ ਘਰ ਦੇ ਜੀਅ ਉਸ ਨੂੰ ਬਚਾਊਣ ਲਈ ਹਾਲ ਪਾਹਰਿਆ ਕਰਦੇ ਹੀ ਰਹਿੰਦੇ ਸਨ ਅਤੇ ਕੌਮ ਦੀ ਅਣਖ ਇਜ਼ਤ ਅਤੇ ਅਰਦਾਸ ਵਿਚ ਕੀਤੇ ਪ੍ਰਣ ਨੂੰ ਦੂਜੇ ਤੀਜੇ ਨੰਬਰ ਤੇ ਵੀ ਨਹੀਂ ਸਨ ਰਖਦੇ, ਉੱਥੇ ਬਾਪੂ ਸੂਰਤ ਸਿੰਘ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਸਿਰਫ਼ ਕੌਮ ਲਈ ਹੀ ਜਿਊਂਦਾ ਹੈ ਅਤੇ ਕੌਮ ਦੇ ਭਵਿਖ ਨੂੰ ਹੀ ਸਰਵੋਤਮ ਮੰਨਦਾ ਹੈ ।

ਜੇਕਰ ਬਾਪੂ ਸੂਰਤ ਸਿੰਘ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲਿੱਖੀ ਚਿੱਠੀ ਦਾ ਬੌਧਿਕ ਅਤੇ ਰੂਹਾਨੀ ਮੁਤਾਲਿਆ ਕੀਤਾ ਜਾਵੇ ਤਾਂ ਸਾਫ਼ ਜ਼ਾਹਿਰ ਹੋ ਜਾਵੇਗਾ ਕਿ ਉਹ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਮਹਾਨ ਕਾਰਜ ਨੂੰ ਇਕ ਨਵੇਂ ਤੇ ਮੌਲਿਕ ਅੰਦਾਜ਼ ਵਿਚ ਕੁਝ ਇਸ ਤਰਾਂ ਦੁਹਰਾਉਣਾ ਚਾਹੁੰਦੇ ਹਨ ਤਾਂ ਜੋ ਅਰਦਾਸ ਦੀ ਸ਼ਕਤੀ ਅਤੇ ਪ੍ਰਣ ਨਿਭਾਊਣ ਦੇ ਰੁਤਬੇ ਅਤੇ ਪਵਿੱਤਰ ਰਵਾਇਤ ਨੂੰ ਇਕ ਵਾਰ ਮੁੜ ਅੰਮ੍ਰਿਤ ਵੇਲੇ ਦੀ ਤਾਜ਼ਗੀ ਪ੍ਰਦਾਨ ਕੀਤੀ ਜਾਵੇ।

ਬਾਦਲ ਸਾਹਿਬ ਨੂੰ ਇਸ ਇਤਿਹਾਸਿਕ ਘੜੀ ਵਿਚ ਇਹ ਦਸੱਣ ਦੀ ਲੋੜ ਹੈ ਕਿ ਇਕ ਤਾਂ ਬਾਪੂ ਸੂਰਤ ਸਿੰਘ ਦ੍ਰਿੜ ਇਰਾਦੇ ਦੇ ਮਾਲਿਕ ਹਨ ਅਤੇ ਉਨ੍ਹਾਂ ਲੋਕਾਂ ਵਿਚੋਂ ਨਹੀਂ ਜੋ ਕਿਸ਼ਤੀ ਵਿਚ ਬੈਠ ਕੇ ਲਹਿਰਾਂ ਨੂੰ ਫੜਦੇ ਹਨ ।

ਇਹ ਠੀਕ ਹੈ ਕਿ ਬਾਦਲ ਸਾਹਿਬ ਨੇ ਸਿੱਖ ਪੰਥ ਦੇ ਦਰਦ ਨੂੰ ਬੇਪਛਾਣ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਪਰ ਉਨ੍ਹਾਂ ਵਲੋਂ ਇਸ ਦਰਦ ਦੀ ਚਾਦਰ ਉੱਤੇ ਵਿਛਾਈ ਧੁੰਦ ਦਾ ਪਰਦਾ ਬਾਪੂ ਸੂਰਤ ਸਿੰਘ ਦੀ ਕੁਰਬਾਨੀ ਨਾਲ ਯਕੀਨਨ ਚੁਕਿਆ ਜਾਵੇਗਾ।

ਬਾਪੂ ਸੂਰਤ ਸਿੰਘ ਨਾ ਕੇਵਲ ਖਾਲਸਾ ਪੰਥ ਦੇ ਦਰਦ ਨੂੰ ਸਿਧਾਂਤ ਰੂਪ ਵਿਚ ਜੱਗ ਜ਼ਾਹਿਰ ਕਰਨਗੇ ਸਗੋਂ ਇਸ ਕੁਰਬਾਨੀ ਨਾਲ ਬਾਦਲ ਸਾਹਿਬ ਅਤੇ ਉਨ੍ਹਾਂ ਦੀ ਪਰਿਵਾਰਿਕ ਸਿਆਸਤ ਦਾ ਰਾਜਨੀਤਕ ਸੂਰਜ ਵੀ ਡੁੱਬ ਜਾਵੇਗਾ। ਇਹ ਕੁਰਬਾਨੀ ਇਹ ਵੀ ਦਸੇਗੀ ਕਿ ਬਾਦਲ ਸਾਹਿਬ ਦੀ ਰਣਨੀਤੀ ਓਸ ਬੰਦੇ ਵਰਗੀ ਹੈ ਜੋ ਬਾਜ਼ਾਰ ਵਿਚ ”ਮੋਮਬੱਤੀ” ਖਰੀਦਣ ਗਿਆ ਸੀ ਪਰ ”ਸੂਰਜ” ਨੂੰ ਵੇਚ ਆਇਆ ਸੀ। ਉਨ੍ਹਾਂ ਦੀਆਂ ਰਾਜਨੀਤਕ ਪ੍ਰਾਪਤੀਆਂ ਵੀ ਕੁਝ ਇਸ ਤਰਾਂ ਦੀਆਂ ਹਨ ਜੋ ਗਊਆਂ ਗਵਾ ਆਊਂਦੇ ਹਨ ਤੇ ਬਿੱਲੀਆਂ ਖਰੀਦ ਲਿਆਉਂਦੇ ਹਨ ।

ਬਾਪੂ ਸੂਰਤ ਸਿੰਘ ਪਲ ਪਲ ਮਰ ਰਹੇ ਹਨ ਪਰ ਅਸੀਂ ਕਿੱਥੇ ਖੜ੍ਹੇ ਹਾਂ ? ਉਨ੍ਹਾਂ ਦੀ ਕੁਰਬਾਨੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੈ ਪਰ ਅਸੀਂ ਪਹਿਰੇਦਾਰ ਕਦੋਂ ਬਣਾਂਗੇ ? ਉਨ੍ਹਾਂ ਦੀ ਜਦੋ ਜਹਿਦ ਉਨ੍ਹਾਂ ਵੀਰਾਂ ਲਈ ਹੈ ਜੋ ਸਾਡੇ ਲਈ ਲੜੇ , ਸਾਡੇ ਲਈ ਜੱਦੋ ਜਹਿਦ ਕਰਦੇ ਰਹੇ ਅਤੇ ਹੁਣ ਵਰਿਆਂ ਤੋਂ ਜੇਲ੍ਹਾਂ ਵਿਚ ਸੜ ਰਹੇ ਹਨ ।

ਬਾਪੂ ਜੀ ਦੀ ਭੁੱਖ ਹੜਤਾਲ ਸਾਡੇ ਧਾਰਮਿਕ ਰਹਿਬਰਾਂ ਦੀ ਜ਼ਮੀਰ ਨੂੰ ਕਦੋਂ ਟੁੰਬੇਗੀ? ਸਾਡੇ ਇਹ ਸੰਤ ਜਿਨ੍ਹਾਂ ਦੀਆਂ ਪਰੰਪਰਾਵਾਂ ਉੱਤੇ ਸਾਰਾ ਪੰਥ ਮਾਣ ਕਰਦਾ ਹੈ, ਜੇ ਅੱਜ ਉਹ ਸਾਰੇ ਬਾਪੂ ਸੂਰਤ ਸਿੰਘ ਦੀ ਜੱਦੋ ਜਹਿਦ ਨੂੰ ਇਕ ਵਿਸ਼ਾਲ ਪੰਥਕ ਲਹਿਰ ਦਾ ਰੂਪ ਦੇਣ ਵਿਚ ਸਹਿਯੋਗ ਦਿੰਦੇ ਹਨ ਤਾਂ ਸਾਡਾ ਇਤਿਹਾਸ ਇਕ ਨਵਾਂ ਮੋੜ ਲਵੇਗਾ।

ਇਸ ਭੁੱਖ ਹੜਤਾਲ ਨਾਲ ਸਾਰਾ ਪੰਥ ਸਿਧਾਂਤਕ ਤੇ ਜਜ਼ਬਾਤੀ ਏਕਤਾ ਵਿਚ ਉਸੇ ਤਰਾਂ ਪਰੋਇਆ ਜਾ ਸਕਦਾ ਹੈ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਹੈਰਾਨਕੁੰਨ ਦ੍ਰਿੜਤਾ ਅੱਗੇ ਸਮੁੱਚਾ ਖਾਲਸਾ ਪੰਥ ਕੇਸਰੀ ਰੰਗ ਵਿਚ ਰੰਗਿਆ ਗਿਆ ਸੀ।

ਇਸ ਔਖੀ ਘੜੀ ‘ਤੇ ਕਿੱਥੇ ਹੈ ਦਮਦਮੀ ਟਕਸਾਲ ਜਿਸ ਦੀ ਇਕ ਖਾਲਸਾਈ ਗਰਜ ਦੁਸ਼ਮਣਾਂ ਵਿਚ ਕੰਬਣੀ ਛੇੜ ਦਿੰਦੀ ਸੀ ?ਅੱਜ ਕਿੱਥੇ ਚਲੇ ਗਏ ਹਨ ਬਾਬਾ ਹਰਨਾਮ ਸਿੰਘ ? ਅੱਜ ਇਹ ਇਤਿਹਾਸਿਕ ਸਚਾਈ ਉਨ੍ਹਾਂ ਨੂੰ ਕੌਣ ਚੇਤੇ ਕਰਵਾਏਗਾ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਾਰਿਸ ਹਨ? ਅੱਜ ਜੇ ਕਰ ਸਵੇਰ ਦੇ ਭੁੱਲੇ ਸ਼ਾਮ  ਨੂੰ ”ਆਪਣੇ ਘਰ” ਪਰਤ ਆਉਂਦੇ ਹਨ ਤਾਂ ਪੰਥ ਉਨ੍ਹਾਂ ਨੂੰ ਭੁੱਲੇ ਹੋਏ ਨਹੀਂ ਕਹੇਗਾ। ਸਾਡਾ ਇਤਿਹਾਸ ਇਹੋ ਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ।

ਅੱਜ ਇਤਿਹਾਸਿਕ ਮੌਕੇ ਤੇ ਸਾਰੇ ਸੰਸਾਰ ਨੂੰ ਇਹ ਦਸਣ ਦੀ ਲੋੜ ਹੈ ਕਿ ਸਾਡੇ ਜੁਝਾਰੂ ਵੀਰਾਂ ਨੇ ਹਥਿਆਰਾਂ ਨਾਲ ਜੰਗ ਲੜ ਕੇ ਇਹ ਸਾਬਿਤ ਕੀਤਾ ਸੀ ਕਿ ਅਸੀਂ ਇੰਝ ਵੀ ਕਰ ਸਕਦੇ ਹਾਂ । ਅੱਜ ਲੋੜ ਹੈ ਕਿ ਅਸੀਂ ਪੁਰ ਅਮਨ ਰਹਿੰਦਿਆਂ ਹੋਇਆਂ ਵਿਚਾਰਾਂ ਦੀ ਜੰਗ ਲੜ ਕੇ ਦੁਨੀਆਂ ਨੂੰ ਇਹ ਦਸ ਦਈਏ ਕਿ ਇਹ ਰਾਹ ਵੀ ਸਾਡਾ ਹੀ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,