ਤਲਵੰਡੀ ਸਾਬੋ (22 ਅਗਸਤ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਸ. ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ ਅਤੇ ਬਾਬ ਹਰਦੀਪ ਸਿੰਘ ਮਹਿਰਾਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਮੋਰਚੇ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਡੇਰਾ ਸਲਾਬਤਪੁਰਾ ਵੱਲ ਜਾ ਰਹੇ 75ਵੇਂ ਸ਼ਹੀਦੀ ਜਥੇ ਨੂੰ ਪੁਲੀਸ ਨੇ ਦਰਸ਼ਨੀ ਡਿਊਢੀ ਤੋਂ ਹੀ ਗ੍ਰਿਫਤਾਰ ਕਰ ਲਿਆ।
ਸ਼ਹੀਦੀ ਜਥੇ ਦੀ ਰਵਾਨਗੀ ਤੋਂ ਪਹਿਲਾਂ ਤਖ਼ਤ ਸਾਹਿਬ ਵਿਖੇ ਸਮਾਗਮ ਕੀਤਾ ਗਿਆ। ਇਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਬਣੀਆਂ ਵੋਟਾਂ ’ਚ ਹੋਈਆਂ ਧਾਂਦਲੀਆਂ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਇਸ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਠਰੂਆ ਦੀ ਬੇਵਕਤੀ ਮੌਤ ’ਤੇ ਦੁਖ ਪ੍ਰਗਟ ਕੀਤਾ। ਸਮਾਗਮ ਨੂੰ ਬਾਬਾ ਹਰਦੀਪ ਸਿੰਘ ਮਹਿਰਾਜ, ਬਲਜਿੰਦਰ ਸਿੰਘ ਏਕਨੂਰ, ਮਾਤਾ ਮਲਕੀਤ ਜਗਾਰਾਮ ਤੀਰਥ (ਪੰਚ ਪ੍ਰਧਾਨੀ), ਅਜੈਬ ਸਿੰਘ ਮੰਡੇਰ, ਦਰਸ਼ਨ ਸਿੰਘ ਜੱਗਾ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਹਰਦੇਵ ਸਿੰਘ ਨਕੇਰਾਂ ਆਗੂਆਂ ਨੇ ਸੰਬੋਧਨ ਕੀਤਾ। ਅੱਜ ਦੇ ਸ਼ਹੀਦੀ ਜਥੇ ਜਿਸ ਵਿਚ ਭਾਈ ਜੰਗੀਰ ਸਿੰਘ, ਆਜ਼ਾਦ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਗੁਰਮੁਖ ਸਿੰਘ ਅਤੇ ਗੁਰਸੇਵਕ ਸਿੰਘ ਸ਼ਾਮਲ ਸਨ, ਨੂੰ ਪੁਲੀਸ ਨੇ ਦਰਸ਼ਨੀ ਡਿਊਢੀ ਤੋਂ ਹੀ ਗ੍ਰਿਫਤਾਰ ਕਰ ਲਿਆ।