ਅੰਮ੍ਰਿਤਸਰ: ਮਨੁੱਖੀ ਅਧਿਕਾਰਾਂ ਦੇ ਘਾਣ, ਪਾਣੀਆਂ ਦੀ ਲੁੱਟ ਅਤੇ ਸਰਕਾਰੀ ਜਬਰ ਵਿਰੁੱਧ ਦਲ ਖਾਲਸਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਯੂਥ ਆਫ ਪੰਜਾਬ ਵਲੋਂ 68ਵੇਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਤੋਂ ਪਹਿਲੀ ਸ਼ਾਮ 9 ਦਸੰਬਰ ਨੂੰ ਬਟਾਲਾ ਵਿਖੇ ਇਕਤਰਤਾ (ਰੈਲੀ) ਅਤੇ ਮਾਰਚ ਕਰਨ ਦਾ ਫੈਸਲਾ ਕੀਤਾ ਹੈ।
ਇਕਤਰਤਾ ਵਿੱਚ ਪੀੜਤ ਪਰਿਵਾਰਾਂ ਦੇ ਮੈਂਬਰ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰਨਗੇ, ਜਿਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।
ਫੈਡਰੇਸ਼ਨ ਅਤੇ ਸਿੱਖ ਯੂਥ ਆਫ ਪੰਜਾਬ ਦੇ ਮੁਖੀਆਂ ਕਰਨੈਲ ਸਿੰਘ ਪੀਰਮੁਹੰਮਦ ਅਤੇ ਪਰਮਜੀਤ ਸਿੰਘ ਟਾਂਡਾ ਨਾਲ ਮੀਟਿੰਗ ਉਪਰੰਤ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਜਬਰੀ ਲਾਪਤਾ ਕੀਤੇ, ਫਰਜ਼ੀ ਮੁਕਾਬਲਿਆਂ ਅਤੇ ਪ੍ਰਦਰਸ਼ਨ ਕਰਦਿਆਂ ਪੁਲਿਸ ਗੋਲੀਆਂ ਨਾਲ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਇਹ ਸਮਾਗਮ ਰੱਖਿਆ ਗਿਆ ਹੈ। ਉਹਨਾਂ ਦਸਿਆ ਕਿ ਇਹ ਇਕਤਰਤਾ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿੱਚ ਸਥਿਤ ਪਾਰਕ ਵਿੱਚ ਕੀਤੀ ਜਾਵੇਗੀ। ਉਹਨਾਂ ਦਸਿਆ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਸਤਿਕਰਤਾਰੀਆ ਵਿਖੇ ਸਰਕਾਰੀ ਤਸ਼ੱਦਦ ਅਤੇ ਫਰਜ਼ੀ ਮੁਕਬਿਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਅਰਦਾਸ ਵੀ ਕੀਤੀ ਜਾਵੇਗੀ।
ਉਹਨਾਂ ਦਸਿਆ ਕਿ ਇਸ ਸਮਾਗਮ ਦਾ ਮੰਤਵ ਭਾਰਤੀ ਸੁਰੱਖਿਆ ਫੋਰਸਾਂ ਅਤੇ ਪੁਲਿਸ ਵਲੋਂ ਜਬਰੀ ਲਾਪਤਾ ਕੀਤੇ ਗਏ ਬੇਜ਼ੁਬਾਨਾਂ ਦੀ ਜ਼ੁਬਾਨ ਬਨਣਾ ਹੈ। ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਸਤਿਕਾਰ ਅਤੇ ਕਾਨੂੰਨ ਦੇ ਰਾਜ ਦੀ ਬਹਾਲੀ ਲਈ ਉਹਨਾਂ ਦੀਆਂ ਜਥੇਬੰਦੀਆਂ ਵਚਨਬੱਧ ਹਨ।
ਉਹਨਾਂ ਨੇ ਦੱਸਿਆ ਕਿ ਅਣਗਿਣਤ ਪ੍ਰੀਵਾਰ ਪੁਲਿਸ ਤੇ ਫੌਜ ਦੁਆਰਾ ਗੁੰਮ ਕੀਤੇ ਆਪਣੇ ਬੱਚਿਆਂ ਦੀ ਉਡੀਕ ਵਿੱਚ ਬਿਰਧ ਹੋ ਗਏ ਹਨ ਅਤੇ ਉਹਨਾਂ ਅੰਦਰ ਇਨਸਾਫ ਦੀ ਉਮੀਦ ਵੀ ਮਰ ਰਹੀ ਹੈ। ਉਹਨਾਂ ਕਿਹਾ ਕਿ ਇਹ ਪਰਿਵਾਰ ਸਰਕਾਰ ਨੂੰ ਸਵਾਲ ਪੁਛਦੇ ਹਨ ਕਿ ਉਹ ਦੱਸੇ ਕਿ “ਸਾਡੇ ਬੱਚੇ ਕਿੱਥੇ ਹਨ”।
ਪਾਰਟੀ ਆਗੂਆਂ ਨੇ ਦਸਿਆ ਕਿ ਪਿਛਲ਼ੇ 3 ਦਹਾਕਿਆਂ ਦੌਰਾਨ ਪੰਜਾਬ ਅੰਦਰ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਰੋਸ ਅਤੇ ਰੋਹ ਵਜੋਂ, ਮਰ ਰਹੀ ਇਨਸਾਫ ਦੀ ਉਮੀਦ ਅਤੇ ਸੰਘਰਸ਼ ਦੀ ਲੋਅ ਨੂੰ ਜੱਗਦਾ ਰੱਖਣ ਲਈ ਸ਼ਹਿਰ ਅੰਦਰ ਇੱਕ ਮਾਰਚ ਕੀਤਾ ਜਾਵੇਗਾ। ਇਸ ਮੌਕੇ ਰਣਬੀਰ ਸਿੰਘ, ਨੋਬਲਜੀਤ ਸਿੰਘ, ਗੁਰਦੀਪ ਸਿੰਘ ਗੋਲਡੀ, ਪਰਮਜੀਤ ਸਿੰਘ ਮੰਡ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: