ਅੰਮ੍ਰਿਤਸਰ – ਦਲ ਖ਼ਾਲਸਾ ਦੇ ਬਾਨੀ ਅਤੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ ਜੀ ਦੇ ਅਕਾਲ ਚਲਾਣਾ ਤੇ ਦਲ ਖ਼ਾਲਸਾ ਦੀ ਸਮੁੱਚੀ ਲੀਡਰਸ਼ਿਪ ਨੇ ਪਾਰਟੀ ਦਫ਼ਤਰ ਵਿਖੇ ਉਹਨਾਂ ਨੂੰ ਸਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਸ. ਕੰਵਰਪਾਲ ਸਿੰਘ, ਸ. ਪਰਮਜੀਤ ਸਿੰਘ ਮੰਡ, ਸ. ਹਰਚਰਨਜੀਤ ਸਿੰਘ ਧਾਮੀ ਅਤੇ ਜਸਵੀਰ ਸਿੰਘ ਖੰਡੂਰ ਨੇ ਦੱਸਿਆ ਕਿ ਸਰਦਾਰ ਗਜਿੰਦਰ ਸਿੰਘ ਜੀ ਨੇ 3 ਜੁਲਾਈ ਨੂੰ ਆਪਣੇ ਆਖਰੀ ਸਵਾਸ ਲਏ ਅਤੇ 4 ਜੁਲਾਈ ਸ਼ਾਮ ਨੂੰ ਉਹਨਾਂ ਦਾ ਸੰਸਕਾਰ ਨਨਕਾਣਾ ਸਾਹਿਬ ਦੇ ਸਮਸ਼ਾਨਘਾਟ ਵਿਚ ਉਹਨਾਂ ਦੀ ਬੇਟੀ ਦੀ ਹਾਜ਼ਰੀ ਵਿਚ ਕੀਤਾ ਗਿਆ।
ਉਹਨਾਂ ਦੱਸਿਆ ਕਿ ਭਾਈ ਗਜਿੰਦਰ ਸਿੰਘ ਜੀ ਨਮਿੱਤ ਦੁਨੀਆ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋ ਭੋਗ ਪਾਏ ਜਾਣਗੇ ਅਤੇ ਪੰਜਾਬ ਵਿਚ ਵੀ ਦਲ ਖ਼ਾਲਸਾ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ 13 ਜੁਲਾਈ ਨੂੰ ਸਵੇਰੇ 08 ਵਜੇ ਅਕਾਲ ਤਖ਼ਤ ਨਾਲ ਸਬੰਧਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ ਸਿੰਘ (ਦਰਬਾਰ ਸਾਹਿਬ) ਵਿਖੇ ਭੋਗ ਪਾਇਆ ਜਾਵੇਗਾ।
ਭਾਈ ਗਜਿੰਦਰ ਸਿੰਘ ਬਾਰੇ ਬੋਲਦੇ ਕਿਹਾ ਕਿ ਉਹਨਾਂ ਆਪਣੀ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਦੇ ਲੇਖੇ ਲਾਈ ਜਿਸ ਵਿੱਚੋਂ 14 ਸਾਲ ਜੇਲ੍ਹ ਅਤੇ 29 ਸਾਲ ਜਲਾਵਤਨੀ ਦੀ ਜ਼ਿੰਦਗੀ ਬਤੀਤ ਕੀਤੀ ਹੈ ਅਤੇ ਆਪਣੇ ਆਖਰੀ ਸਵਾਸਾਂ ਤਕ ਸੰਘਰਸ਼ ਪ੍ਰਤੀ ਅਡੋਲ, ਸੰਘਰਸ਼ਮਈ ਅਤੇ ਬੇਦਾਗ਼ ਰਹੇ ਹਨ। ਇੱਕ ਪਾਸੇ ਭਾਰਤ ਸਰਕਾਰ ਵੱਲੋਂ 2001 ਵਿੱਚ ਗਜਿੰਦਰ ਸਿੰਘ ਨੂੰ 20 ਅਤਿ ਲੋੜੀਂਦੇ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਪਾਇਆ ਗਿਆ ਸੀ। ਦੂਜੇ ਪਾਸੇ ਗਜਿੰਦਰ ਸਿੰਘ ਦੀਆਂ ਪੰਥਕ ਘਾਲਣਾਵਾਂ ਅਤੇ ਯੋਗਦਾਨ ਨੂੰ ਵੇਖਦੇ ਹੋਏ ਅਕਾਲ ਤਖ਼ਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨਾਂ ਨੇ 2020 ਵਿਚ ਉਹਨਾਂ ਨੂੰ “ਜਲਾਵਤਨ ਸਿੱਖ ਯੋਧਾ” ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ।
ਜ਼ਿਕਰਯੋਗ ਹੈ ਕਿ ਭਾਈ ਗਜਿੰਦਰ ਸਿੰਘ 1971 ਨੂੰ ਇੰਦਰਾ ਗਾਂਧੀ ਦੀ ਰੈਲੀ ਦੌਰਾਨ ਸਟੇਜ ਉੱਤੇ ਸਿੱਖ ਹੋਮਲੈਂਡ ਦੇ ਪਰਚੇ ਸੁੱਟਕੇ ਸੰਘਰਸ਼ਮਈ ਜ਼ਿੰਦਗੀ ਦੇ ਰਾਹ ਪਏ ਅਤੇ 29 ਸਤੰਬਰ 1981 ਨੂੰ ਦਮਦਮੀ ਟਕਸਾਲ ਦੇ ੧੪ਵੇ ਮੁਖੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਰਿਹਾਈ ਅਤੇ ਸਿੱਖ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਲੈਕੇ ਜਾਣ ਲਈ ਜਹਾਜ਼ ਅਗਵਾ ਕਰਕੇ ਜੇਲ ਦੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਤੇ 1995 ਵਿਚ ਸਜਾ ਭੁਗਤ ਕੇ ਰਿਹਾ ਹੋਣ ਤੋਂ ਬਾਅਦ ਪਿਛਲੇ 29 ਸਾਲ ਤੋਂ ਜਲਾਵਤਨੀ ਹੰਢਾ ਰਹੇ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਟਾਂਡਾ, ਰਣਵੀਰ ਸਿੰਘ, ਗੁਰਪ੍ਰੀਤ ਸਿੰਘ ਖੁੱਡਾ, ਗੁਰਨਾਮ ਸਿੰਘ, ਪ੍ਰਭਜੀਤ ਸਿੰਘ ਰਈਆ, ਗੁਰਵਿੰਦਰ ਸਿੰਘ ਬਾਜਵਾ ਆਦਿ ਹਾਜ਼ਿਰ ਸਨ।