ਚੰਡੀਗੜ੍ਹ – ਸਰਕਾਰ ਵੱਲੋਂ ਸਰਹਿੰਦ ਫੀਡਰ ਤੇ ਲੱਗੇ ਲਿਫਟ ਪੰਪ ਬੰਦ ਕਰਨ ਦੇ ਹੁਕਮ ਵਿਰੁੱਧ ਬੀਤੇ ਦਿਨ ਮਿਸਲ ਸਤਲੁਜ ਦੇ ਸੱਦੇ ਤੇ ਫਰੀਦਕੋਟ ਵਿਖੇ ਭਾਰੀ ਇਕੱਠ ਹੋਇਆ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਿਸਲ ਸਤਲੁਜ ਦੇ ਮੀਤ ਪ੍ਰਧਾਨ ਸਰਦਾਰ ਦਲੇਰ ਸਿੰਘ ਡੋਡ ਨੇ ਜਲ ਸਰੋਤ ਮੰਤਰੀ ਨੂੰ ਅਪੀਲ ਕੀਤੀ ਕਿ ਜਦ ਤਕ ਰਾਜਸਥਾਨ ਫੀਡਰ ਦੇ ਚੜਦੇ ਪਾਸੇ ਨਹਿਰ ਕੱਢਣ ਦਾ ਕਾਰਜ ਪੂਰਾ ਨਹੀਂ ਹੋ ਜਾਂਦਾ ਤਦ ਤੱਕ ਸਰਕਾਰ ਇਹਨਾਂ ਪੰਪਾ ਨੂੰ ਚੱਲਦਾ ਰੱਖੇ ।
ਮਿਸਲ ਸਤਲੁਜ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਆਪਣਾ ਨਾਦਰ ਸ਼ਾਹੀ ਫ਼ੁਰਮਾਨ ਵਾਪਸ ਨਹੀਂ ਲੈਂਦੀ ਤਾਂ ਉਹ ਰਾਜਸਥਾਨ ਫ਼ੀਡਰ ਚੋਂ ਸਿੱਧਾ ਪਾਣੀ ਲੈਣਗੇ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਿਵਲ ਨਾ ਫੁਰਮਾਨੀ ਦੇ ਰਾਹ ਤੇ ਤੁਰਨ ਲਈ ਮਜ਼ਬੂਰ ਨਾ ਕਰੇ। ਮਿਸਲ ਸਤਲੁਜ ਵੱਲੋਂ ਇਸ ਮੁੱਦੇ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਤੇ ਮੰਗ ਪੱਤਰ ਸੋਂਪਿਆ।