ਖਾਸ ਖਬਰਾਂ

ਸਾਕਾ ਬਹਿਬਲ ਕਲਾਂ ਦੀ ਜਾਂਚ ਰੱਦ ਹੋਣ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਰਿਟਾਇਰਮੈਂਟ ਮੰਗੀ

By ਸਿੱਖ ਸਿਆਸਤ ਬਿਊਰੋ

April 14, 2021

ਚੰਡੀਗੜ੍ਹ: 14 ਅਕਤੂਬਰ 2015 ਨੂੰ ਬਹਿਬਲ ਕਲਾਂ ਪਿੰਡ ਨੇੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਵਾਸਤੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉੱਤੇ ਪੰਜਾਬ ਪੁਲਿਸ ਵੱਲੋਂ ਗੋਲੀ ਚਲਾ ਕੇ ਦੋ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।

ਪੰਜਾਬ ਪੁਲਿਸ ਦੇ ਉੱਚ ਅਫਸਰ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੇ ਖਾਸ ਜਾਂਚ ਦਲ ਵੱਲੋਂ ਇਸ ਸਾਕੇ ਦੀ ਕੀਤੀ ਗਈ ਜਾਂਚ ਹਾਈ ਕੋਰਟ ਵੱਲੋਂ ਬੀਤੇ ਦਿਨੀਂ ਰੱਦ ਕਰਦਿਆਂ ਇਹ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਨਵਾਂ ਜਾਂਚ ਦਲ ਬਣਾਇਆ ਜਾਵੇ ਜਿਸ ਵਿੱਚ ਕੁੰਵਰ ਵਿਜੈ ਪ੍ਰਤਾਪ ਸ਼ਾਮਿਲ ਨਹੀਂ ਹੋਣਾ ਚਾਹੀਦਾ। ਇਸ ਘਟਨਾਕ੍ਰਮ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੁਲਿਸ ਦੀ ਨੌਕਰੀ ਤੋਂ ਰਿਟਾਇਰਮੈਂਟ ਮੰਗੀ ਹੈ। ਉਸ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਸ ਨੂੰ ਨੌਕਰੀ ਤੋਂ ਰਿਟਾਇਰ ਕਰ ਦਿੱਤਾ ਜਾਵੇ। ਉਸ ਰਿਟਾਇਰਮੈਂਟ ਲਈ ਚਿੱਠੀ ਸਰਕਾਰ ਨੂੰ ਭੇਜਣ ਤੋਂ ਬਾਅਦ ਫੇਸਬੁੱਕ ਉੱਤੇ ਪਾਈ ਇੱਕ ਪੋਸਟ ਵਿੱਚ ਕਿਹਾ ਹੈ ਕਿ ਜਾਂਚ ਰੱਦ ਕੀਤੇ ਜਾਣ ਵਾਲੇ ਮਸਲੇ ਦਾ ਸਿਆਸੀਕਰਨ ਨਾ ਕੀਤਾ ਜਾਵੇ। ਉਸਨੇ ਕਿਹਾ ਹੈ ਕਿ ਮੈਂ ਆਪਣਾ ਕੰਮ ਕਰ ਦਿੱਤਾ ਹੈ ਅਤੇ ਮੈਨੂੰ ਕੋਈ ਅਫਸੋਸ ਨਹੀਂ ਹੈ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਗੇ ਕਿਹਾ ਕਿ ਉਸ ਵੱਲੋਂ ਜਾਂਚ ਰਿਪੋਰਟ ਵਿੱਚ ਦਰਜ਼ ਕੀਤਾ ਗਿਆ ਹਰ ਇੱਕ ਵਾਕ ਆਪਣੇ ਆਪ ਵਿੱਚ ਸਬੂਤ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਉਸਨੇ ਕਿਹਾ ਕਿ ਮੈਂ ਮੈਂ ਅੰਤਿਮ ਫੈਸਲੇ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਅਪੀਲ ਕੀਤੀ ਹੈ, ਜੋ ਕਿ ਮੇਰੀ ਸਮਝ ਅਤੇ ਕਾਨੂੰਨ ਦੀ ਜਾਣਕਾਰੀ ਮੁਤਾਬਿਕ ਸਭ ਤੋਂ ਸਿਰਖਲੀ ਅਦਾਲਤ ਹੈ। ਉਸਨੇ ਕਿਹਾ ਕਿ ਮੈਂ ਹਰ ਸੰਭਵ ਤਰੀਕੇ ਨਾਲ ਸਮਾਜ ਦੀ ਸੇਵਾ ਜਾਰੀ ਰੱਖਾਂਗਾ ਪਰ ਆਈ.ਪੀ.ਐੱਸ. ਵੱਜੋਂ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: