ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ) – ਪੰਜਾਬ ਦੇ ਖੇਤਾਂ ਲਈ ਚੱਲ ਰਹੇ ਸੰਘਰਸ਼ ਨੂੰ ਸਮਰਥਨ ਦੇਣ ਲਈ ਸਿਡਨੀ ਦੇ ਡਿਜ਼ਾਇਰ ਹਾਲ ‘ਚ ਪੰਜਾਬੀਆਂ ਵਲ੍ਹੋਂ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਹਰ ਵਰਗ ਨਾਲ ਸੰਬੰਧਿਤ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸਾਂਝੇ ਤੌਰ ‘ਤੇ ਭਾਰਤ ਸਰਕਾਰ ਵੱਲ੍ਹੋਂ ਬਣਾਏ ਖੇਤੀ ਕਾਨੂੰਨਾਂ ਨੂੰ ਕਿਸਾਨ ਮਜ਼ਦੂਰ ਵਿਰੋਧੀ ਦੱਸਦਿਆਂ ਇਸ ਨੂੰ ਪੰਜਾਬ ਦੇ ਸਮੁੱਚੇ ਤਾਣੇ ਬਾਣੇ ਲਈ ਘਾਤਕ ਦੱਸਿਆ ਅਤੇ ਹਰ ਪੱਖੋਂ ਪੰਜਾਬ ਦੇ ਕਿਸਾਨਾਂ ਦੇ ਮੋਢੇ ਨਾਲ ਮੋਢੇ ਜੋੜ ਕੇ ਖੜ੍ਹਣ ਦਾ ਐਲਾਨ ਕੀਤਾ ।
ਮੁੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ‘ਚ ਨੌਜਵਾਨਾਂ ਨੂੰ ਆਪਣੀ ਭੋਇੰ ‘ਤੇ ਸੰਭਵ ਹੱਲੇ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਪੰਜਾਬ ਲਈ ਸੰਘਰਸ਼ ਕਰ ਰਹੀਆਂ ਸੰਜੀਦਾ ਧਿਰਾਂ ਦਾ ਸਿਦਕ ਅਤੇ ਸਿਰੜ ਨਾਲ ਸਾਥ ਦੇਣਾ ਚਾਹੀਦਾ ਹੈ ਕਿਉਂ ਕਿ ਇਹ ਕਾਨੂੰਨ ਪੰਜਾਬ ਨੂੰ ਸਨਅਤਕਾਰਾਂ ਹਵਾਲੇ ਕਰਨ ਦੀ ਕਾਰਵਾਈ ਹੈ।
ਇਸ ਮੌਕੇ ਐਲਾਨ ਕੀਤਾ ਗਿਆ ਕਿ ਇਸ ਸੰਘਰਸ਼ ਤੋੰ ਮੁਨਕਰ ਹੋਣ ਵਾਲੇ ਕਿਸੇ ਵੀ ਸਿਆਸੀ ਆਗੂ , ਜਨਤਕ ਖੇਤਰਾਂ ‘ਚ ਕੰਮ ਕਰਦੀਆਂ ਧਿਰਾਂ, ਕਲਾਕਾਰਾਂ ਜਾ ਅਜਿਹੇ ਕਿਸੇ ਵੀ ਅਨਸਰ ਦਾ ਆਸਟਰੇਲੀਆ ਦੇ ਪੰਜਾਬੀਆਂ ਵੱਲ੍ਹੋਂ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਇਸ ਸੰਘਰਸ਼ ‘ਚ ਹੀ ਪੰਜਾਬ ਦੇ ਅਸਲ ਮੁੱਦਈ ਪਛਾਣੇ ਜਾਣਗੇ ।
ਸ਼ੰਭੂ ਮੋਰਚੇ ਸਮੇਤ ਕਿਸਾਨ ਨੁਮਾਇੰਦਾ ਧਿਰਾਂ ਨਾਲ ਸਮਰਥਨ ਦੀ ਅਪੀਲ ਬੁਲਾਰਿਆਂ ਵੱਲ੍ਹੋਂ ਕੀਤੀ ਗਈ।
ਇਹ ਸਮਾਗਮ ਅਮਰ ਸਿੰਘ ਨਾਭਾ , ਕੁਲਵਿੰਦਰ ਬਦੇਸ਼ਾ, ਜਸਵੀਰ ਸਿੰਘ ਊਨਾ ਸਾਹਿਬ ਅਤੇ ਚਰਨਜੀਤ ਸਿੰਘ ਸਿਡਨੀ ਵੱਲ੍ਹੋਂ ਰੱਖਿਆ ਗਿਆ ਸੀ ਜਿਸ ਨੂੰ ਭਾਈ ਬਲਵਿੰਦਰ ਸਿੰਘ, ਕੈਪਟਨ ਸਰਜਿੰਦਰ ਸਿੰਘ, ਲਵਦੀਸ਼ ਕੌਰ ਤੂਰ, ਦਾਰਾ ਢਿੱਲੋ, ਲੱਖਾ ਥਾਂਦੀ, ਜੱਸ ਧਾਲੀਵਾਲ ਨੇ ਸੰਬੋਧਨ ਕੀਤਾ ।