ਚੰਡੀਗੜ੍ਹ: ਸਿੱਖ, ਹਿੰਦੂ ਅਤੇ ਮੁਸਲਮਾਨ ਤਿੰਨੇ ਪੰਜਾਬੀ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਅੱਜ ਇਕੱਠੇ ਹੋ ਕੇ ਇਥੇ ਪੰਜਾਬ ਦੇ ਉਜਾੜੇ ਦੀ 74ਵੀ ਵਰ੍ਹੇਗੰਢ ਮਨਾਈ। ਉਹਨਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 1947 ਤੋਂ ਪਹਿਲਾਂ ਵਾਲੀ ਸਿਆਸੀ ਗਤੀਵਿਧੀਆਂ ਨੂੰ ਮੁੜ-ਵਾਚਣ, ਘੋਖਣ ਕਿ ਕਿਵੇਂ ਬਾਹਰਲੀਆਂ ਤਾਕਾਤਾਂ ਨੇ ਪੰਜਾਬ ਨੂੰ ਸਿਰਫ ਵੰਡਿਆ ਹੀ ਨਹੀਂ ਬਲਕਿ ਪੰਜਾਬੀਆਂ ਨੂੰ ਤਬਾਹ ਕਰਕੇ ਰਾਜ ਸੱਤਾ ਤੋਂ ਵਿਰਵੇ ਕਰ ਦਿੱਤਾ।
ਤਿੰਨੇ ਫਿਰਕਿਆਂ ਦੇ ਨੁਮਾਇੰਦਿਆਂ ਨੇ ਪਹਿਲਾਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੰਪਲੈਕਸ ਵਿੱਚ ਗੁਰਦਵਾਰਾ ਸਾਹਿਬ ਅੰਦਰ ਅਰਦਾਸ ਕਰਕੇ 47 ਦੀ ਵੰਡ ਸਮੇਂ ਬਾਰਡਰ ਦੇ ਦੋਨੋ ਪਾਸੇ ਮਾਰੇ ਗਏ ਬੇਦੋਸ਼ੇ, ਮਾਸੂਮ 10 ਲੱਖ ਲੋਕਾਂ ਨੂੰ ਸ਼ਰਧਾਜਲੀ ਦਿੱਤੀ ਅਤੇ ਇੱਕ ਕਰੋੜ ਲੋਕਾਂ ਦੇ ਘਰੋਂ ਉਜਾੜੇ ਅਤੇ ਲੱਖਾਂ ਔਰਤਾਂ ਦੀ ਬੇਜਤੀ ਅਤੇ ਉਧਾਲਿਆਂ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ।
ਤਿੰਨੇ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਕਿਹਾ ਕਿ ਪੰਜਾਬ ਨੂੰ ਧਰਮ ਦੇ ਪੈਰੋਕਾਰਾਂ ਨੇ ਨਹੀਂ ਵੰਡਿਆਂ ਬਲਕਿ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਆਪਣੀਆਂ ਰਾਜਨੀਤਿਕ ਗਿਣਤੀਆਂ ਮਿਣਤੀਆਂ ਕਰਕੇ ਹੀ ਵੰਡਿਆਂ। ਭਾਵੇਂ ਪੰਜਾਬ ਅਤੇ ਬੰਗਾਲ ਦੀ ਵੰਡ ਦੀਆਂ ਸਿਆਸੀ ਗੋਦਾਂ ਦਿੱਲੀ ਸੱਤਾ ਦੇ ਕੇਂਦਰ ਵਿੱਚ ਗੁੰਦੀਆਂ ਗਈਆਂ ਪਰ, ਅਫਸੋਸ ਹੈ ਕਿ ਉਹਨਾਂ ਪਾਰਟੀਆਂ ਦੇ ਪੰਜਾਬੀ ਲੀਡਰਾਂ ਨੇ ਕੋਈ ਸਿਆਣਪ ਅਤੇ ਦੂਰ-ਦਰਿਸ਼ਟੀ ਦਾ ਸਬੂਤ ਨਹੀਂ ਦਿੱਤਾ। ਸਗੋਂ ਉਹ ਆਪਣੇ ਪ੍ਰਭੂਆਂ ਦੀ ਵੱਡੀ ਰਾਜਨੀਤੀ ਵਿੱਚ ਹੀ ਰੁੜ ਗਏ ਅਤੇ ਪੰਜਾਬ ਦੇ ਜਾਨ-ਮਾਲ ਦੀ ਨਾ ਪੂਰਾ ਹੋਣ ਵਾਲੀ ਤਬਾਹੀ ਕਰਵਾ ਲਈ। ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੀਆਂ ਹੁਣ ਤੱਕ ਪੰਜ ਵੰਡਾਂ ਹੋ ਗਈਆਂ ਹਨ। ਇੰਡੀਅਨ ਪੰਜਾਬ ਦੀ ਤਿੰਨੇ ਫਿਰਕਿਆਂ ਦੀ ਭਾਰਤ ਵਿੱਚ ਅੱਜ ਕੋਈ ਵੀ ਸਿਆਸੀ ਹਸਤੀ ਨਹੀਂ ਰਹੀ ਉਹ ਭਾਰਤੀ ਰਾਸ਼ਟਰਵਾਰ ਦੇ ਖਾਰੇ ਸਮੁੰਦਰਾਂ ਵਿੱਚ ਡੁੱਬ ਗਏ ਹਨ।
ਪੰਜਾਬੀਆਂ ਨੂੰ ਸੋਚਣਾ ਸਮਝਣਾ ਪਵੇਗਾਂ ਕਿ ਕਿਵੇਂ ਉਹ ਆਪਣੀ ਖੇਤਰੀ ਸਭਿਆਚਾਰ, ਹੋਂਦ ਅਤੇ ਰਾਜਨੀਤਿਕ ਹਸਤੀ ਨੂੰ ਮੁੜ ਸੁਰਜੀਤ ਕਰ ਸਕਦੇ ਹਨ। ਇਹ ਸਬੰਧ ਵਿੱਚ ਸਭ ਨੂੰ ਆਪਣੇ-ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਗੁਨਾਹਾਂ ਨੂੰ ਕਬੂਲ ਕਰਕੇ ਨਵੀਂ ਸ਼ੁਰੂਆਤ ਕਰਨੀ ਪਵੇਗੀ। ਉਹਨਾਂ ਨੂੰ ਚੁਕੱਨੇ ਹੋਣਾ ਪਵੇਗਾ ਕਿ ਫਿਰ ਰਾਸ਼ਟਰਵਾਦੀ ਫਿਰਕੂ-ਤਾਕਤਾਂ ਮੁੜ ਦੇਸ਼ ਵਿੱਚ 1947 ਦੀ ਤਰਜ਼ ਵਾਲਾ ਖੂਨ-ਖਰਾਬਾ ਅਤੇ ਕਤਲੇਆਮ ਦਾ ਪਿੜ ਬੰਨ ਰਹੀਆਂ ਹਨ।
ਸਿੱਖ ਭਾਈਚਾਰੇ ਨੂੰ ਇਮਾਨਦਾਰੀ ਨਾਲ ਘੋਖਣਾ ਪਵੇਗਾ ਕਿ ਉਹਨਾਂ ਨੇ ਕਿਉ, ਕਿਵੇਂ ਵਹਿਕਾਵੇ ਵਿੱਚ ਆ ਕੇ ਬੇਦੋਸ਼ਿਆਂ, ਔਰਤਾਂ, ਬੱਚਿਆਂ ਦੇ ਕਤਲੇਆਮ ਵਿੱਚ ਵੱਡੀ ਹਿੱਸੇਦਾਰੀ ਪਾ ਕੇ, ਸਿੱਖ ਧਰਮ ਦੇ ਸਿਧਾਂਤਾਂ ਅਤੇ ਅਲੌਕਿਕ ਮਾਨਵਵਾਦੀ ਕਦਰਾਂ-ਕੀਮਤਾਂ ਨੂੰ 1947 ਵਿੱਚ ਕਲੰਕਿਤ ਕੀਤਾ ਸੀ। ਸਾਰਾ ਦੋਸ਼ ਸਿਰਫ ਉਸ ਸਮੇਂ ਦੇ ਲੀਡਰਾਂ ਦੇ ਸਿਰ ਮੜ੍ਹ ਕੇ, ਸਿੱਖ ਗੁਨਾਹਾਂ ਤੋਂ ਪੂਰਨ ਤੌਰ ਤੇ ਬਰੀ ਨਹੀਂ ਹੋ ਸਕਦੇ ਕਿਉਂਕਿ ਨੈਤਿਕ ਕਦਰਾਂ-ਕੀਮਤਾਂ ਅਤੇ ਗੁਰੂਮਤ ਸਿਧਾਂਤਾਂ ਉੱਤੇ ਚੱਲ ਕੇ ਹੀ ਛੋਟਾ ਜਿਹੇ ਸਿੱਖ ਭਾਈਚਾਰੇ ਨੇ ਦੁਨੀਆਂ ਵਿੱਚ ਵੱਡੇ-ਵੱਡੇ ਕਾਰਨਾਮੇ ਕਰ ਦਿਖਾਏ ਹਨ। ਉਹਨਾਂ ਸਿਧਾਂਤਾਂ ਦੀ 1947 ਅਤੇ ਬਾਅਦ ਵਿੱਚ ਵੀ ਉਲੰਘਣਾਂ ਹੋਈ ਹੈ ਜਿਸ ਦਾ ਖਾਮਿਆਜ਼ਾ ਸਿੱਖ ਭਾਰਤ ਵਿੱਚ ਭੁਗਤ ਰਹੇ ਹਨ। ਅੱਜ ਦੀ ਸਭਾ ਆਲਮੀ ਪੰਜਾਬ ਸੰਗਤ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਸਾਂਝੇ ਤੌਰ ਤੇ ਆਯੋਜਿਤ ਕੀਤੀ ਸੀ।
ਅੱਜ ਸਭਾ ਦੇ ਬੁਲਾਰੇ ਸਨ: ਪ੍ਰੋ. ਮਨਜੀਤ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਡਾ. ਪਿਆਰੇ ਲਾਲ ਗਰਗ, ਗੰਗਵੀਰ ਰਠੌੜ, ਤਾਜ ਮਹੁੰਮਦ, ਸੁਰਿਦਰ ਸਿੰਘ ਕਿਸ਼ਨਪੁਰਾ, ਪ੍ਰੋਫੈਸਰ ਹਰਪਾਲ ਸਿੰਘ ਬੰਗੇਵਾਲ।