Site icon Sikh Siyasat News

ਪਠਲਾਵਾ ਵਾਸੀਆਂ ਨੇ ਪਿੰਡ ਦੇ ਕਰੋਨਾ-ਮੁਕਤ ਹੋਣ ‘ਤੇ ਦਰਬਾਰ ਸਾਹਿਬ ਵਿਖੇ 15 ਲੱਖ ਦੀ ਰਸਦ ਭੇਟ ਕਰਕੇੇ ਸ਼ੁਕਰਾਨਾ ਕੀਤਾ

ਸ੍ਰੀ ਅੰਮਿ੍ਰਤਸਰ: ਦੋ ਮਹੀਨੇ ਪਹਿਲਾਂ ਗਿਆਨੀ ਬਲਦੇਵ ਸਿੰਘ ਪਠਲਾਵਾ ਦੇ ਕਰੋਨੇ ਦੀ ਬਿਮਾਰੀ ਤੋਂ ਪੀੜ੍ਹਤ ਹੋਣ ਅਤੇ ਚੜ੍ਹਾਈ ਕਰ ਜਾਣ ਤੋਂ ਬਾਅਦ ਪਠਲਾਵਾ ਵਾਸੀਆਂ ਉੱਤੇ ਬਿਪਤਾ ਦਾ ਸਮਾਂ ਰਿਹਾ। ਇਕ ਬੰਨੇ ਗਿਆਨੀ ਬਲਦੇਵ ਸਿੰਘ ਪਠਲਾਵਾ ਦੇ ਪਰਿਵਾਰਕ ਜੀਆਂ ਤੇ ਕਰੀਬੀਆਂ ਵਿਚ ਕਰੋਨੇ ਦੀ ਲਾਗ ਸੀ ਓਥੇ ਦੂਜੇ ਬੰਨੇ ਗਿਆਨੀ ਬਲਦੇਵ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਨਫਤਰ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਦੀ ਪਰਦਾਪੋਸ਼ੀ ਕਰਦਿਆਂ ਕਰੋਨੇ ਦੇ ਪੀੜਤਾਂ ਨੂੰ ਹੀ ਦੋਸ਼ੀ ਗਰਦਾਨਿਆ ਜਾ ਰਿਹਾ ਸੀ।

ਇਸ ਦੌਰਾਨ ਪਠਲਾਵਾ ਵਾਸੀਆਂ ਨੂੰ ਮੁਸੀਬਤ ਦਾ ਦੋਹਰੇ ਮੁਹਾਜ਼ ਉੱਤੇ ਟਾਕਰਾ ਕਰਨਾ ਪਿਆ। ਇਕ ਪਾਸੇ ਉਹ ਬਿਮਾਰੀ ਤੇ ਉਸ ਕਾਰਨ ਲੱਗੀਆਂ ਸਖਤ ਰੋਕਾਂ ਦਾ ਮੁਕਾਬਲਾ ਕਰ ਰਹੇ ਸਨ ਤੇ ਦੂਜੇ ਬੰਨੇ ਸਰਕਾਰੀ ਤੰਤਰ ਦੀ ਸ਼ਹਿ ਨਾਲ ਖਬਰਖਾਨੇ ਵੱਲੋਂ ਕੀਤੇ ਜਾ ਰਹੇ ਦੁਸ਼ਪ੍ਰਚਾਰ ਦਾ। ਪਿੰਡ ਵਾਲਿਆਂ ਨੇ ਸਬਰ ਨਾਲ ਰੋਕਾਂ ਦੀ ਪਾਲਣਾ ਕੀਤੀ ਅਤੇ ਵੱਖ-ਵੱਖ ਢੰਗ ਤਰੀਕਿਆਂ ਨਾਲ ਖਬਰਖਾਨੇ ਵੱਲੋਂ ਕੀਤੇ ਜਾ ਰਹੇ ਨਫਰਤ ਦੇ ਪ੍ਰਚਾਰ ਦਾ ਮੁਕਾਬਲਾ ਕੀਤਾ।

ਜਦੋਂ ਪੰਜਾਬ ਦੇ ਪੁਲਿਸ ਮੁਖੀ ਨੇ ਗਿਆਨੀ ਬਲਦੇਵ ਸਿੰਘ ਉੱਤੇ ਦੂਸ਼ਣ ਲਾਉਂਦਾ ਗੀਤ, ਜੋ ਕਿ ਸਰਕਾਰੀ ਸ਼ਹਿ ਪ੍ਰਾਪਤ ਗਾਇਕ ਸਿੱਧੂ ਮੂਸੇਵਾਲੇ ਵੱਲੋਂ ਗਾਇਆ ਗਿਆ ਸੀ, ਦਾ ਪ੍ਰਚਾਰ-ਪ੍ਰਸਾਰ ਕੀਤਾ ਤਾਂ ਪਿੰਡ ਵਾਲਿਆਂ ਨੇ ਚਿੱਠੀ ਲਿਖ ਕੇ ਪੰਜਾਬ ਦੇ ਮੁੱਖ ਮੰਤਰੀ ਕੋਲ ਇਹ ਮਸਲਾ ਚੁੱਕਿਆ ਤੇ ਪੁਲਿਸ ਮੁਖੀ ਦੀ ਕਾਰਵਾਈ ਵਾਪਸ ਲੈਣ ਲਈ ਕਿਹਾ। ਅਖੀਰ ਪੁਲਿਸ ਮੁਖੀ ਨੂੰ ਗੀਤ ਬਾਰੇ ਕੀਤੀ ਟਵੀਟ ਮੇਟਣੀ ਪਈ।

ਪਠਲਾਵਾ ਪਿੰਡ ਦੇ ਵਿਦੇਸ਼ਾਂ ਵਿਚ ਰਹਿੰਦੇ ਜੀਅ ਵੀ ਸਾਹਮਣੇ ਆਏ ਤੇ ਉਨ੍ਹਾਂ ਆਪਣੇ ਪਰਵਾਰਿਕ ਜੀਆਂ ਤੋਂ ਪਤਾ ਲੱਗੀਆਂ ਗੱਲਾਂ ਬਿਜਲ ਸੱਥ ਰਾਹੀਂ ਲੋਕਾਂ ਦੇ ਸਨਮੁਖ ਉਜਾਗਰ ਕੀਤੀਆਂ। ਪਿੰਡ ਵਾਸੀਆਂ ਤੇ ਪਿੰਡ ਦੇ ਵਿਦੇਸ਼ੀਂ ਰਹਿੰਦੇ ਜੀਆਂ ਨੇ ਗਿਆਨੀ ਬਲਦੇਵ ਸਿੰਘ ਵਿਰੁੱਧ ਕੀਤੀ ਜਾ ਰਹੀ ਦੂਸ਼ਣਬਾਜ਼ੀ ਰੱਦ ਕੀਤੀ।

ਇਸ ਦੌਰਾਨ ਇਸ ਪਿੰਡ ਦੇ ਜਿੰਨੇ ਵੀ ਜੀਆਂ ਨੂੰ ਕਰੋਨੇ ਦੀ ਲਾਗ ਲੱਗੀ ਸੀ ਉਹ ਸਾਰੇ ਤੰਦਰੁਸਤ ਹੋ ਗਏ। ਦੋ ਵਾਰ ਉਨ੍ਹਾਂ ਦੀ ਜਾਂਚ (ਟੈਸਟ) ਸਹੀ (ਭਾਵ ਨੈਗਿਟਿਵ) ਆਉਣ ਉੱਤੇ ਉਨ੍ਹਾਂ ਨੂੰ ਇਕਾਂਤਵਾਸਾਂ ਵਿਚੋਂ ਘਰਾਂ ਵਿਚ ਭੇਜ ਦਿੱਤਾ ਗਿਆ।

ਪਿੰਡ ਵਿਚ ਕਰੋਨੇ ਦੀ ਲਾਗ ਦਾ ਆਖਰੀ ਮਾਮਲਾ 26 ਮਾਰਚ ਨੂੰ ਸਾਹਮਣੇ ਆਇਆ ਸੀ ਤੇ ਹੁਣ ਪ੍ਰਸ਼ਾਸਨ ਨੇ ਇਸ ਪਿੰਡ ਨੂੰ ਕਰੋਨਾ ਮੁਕਤ ਐਲਾਨ ਦਿੱਤਾ ਹੈ ਤੇ ਪਿੰਡ ਵਿਚ ਲਾਈਆਂ ਰੋਕਾਂ ਹੁਣ ਹਟਾ ਦਿੱਤੀਆਂ ਗਈਆਂ ਹਨ।

ਪਿੰਡ ਵਾਸੀ ਬਿਮਾਰੀ ਤੋਂ ਨਿਜਾਤ ਪਾਉਣ ਉੱਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਨ। ਬੀਤੇ ਦਿਨ ਪਿੰਡ ਵਾਸੀਆਂ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ 15 ਲੱਖ ਰੁਪਏ ਦੀ ਰਸਦ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮਿ੍ਰਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਭੇਂਟ ਕਰਨ ਲਈ ਰਵਾਨਾ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version