ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟਰੇਲੀਆ ਦੇ ਵੱਖ ਵੱਖ ਸੂਬਿਆਂ ‘ਚ ਕਰੋਨਾਵਾਇਰਸ ਕਾਰਨ ਤੰਗੀਆਂ ‘ਚੋਂ ਗੁਜ਼ਰ ਰਹੇ ਲੋਕਾਂ ਦੀ ‘ਖਾਲਸਾ ਏਡ’ ਵੱਲੋਂ ਮਦਦ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸ਼ਹਿਰ ‘ਚ ਸੰਸਥਾ ਨੇ ਤਿੰਨ ਵਿਤਰਣ ਕੇਂਦਰ ਅਲੱਗ-ਅਲੱਗ ਹਿੱਸਿਆਂ ‘ਚ ਸਥਾਪਿਤ ਕੀਤੇ ਹਨ ਜਿੱਥੋਂ ਜ਼ਰੂਰੀ ਸਮੱਗਰੀ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਦੀ ਕੀਤੀ ਜਾ ਰਹੀ ਹੈ।
ਇਸ ਮੌਕੇ ਭਾਰਤ ਤੋਂ ਇਲਾਵਾ ਹੋਰਨਾਂ ਮੁਲਕਾਂ ਦੇ ਲੋਕਾਂ ਲਈ ਵੀ ਚੋਣ ਮੁਤਾਬਿਕ ਸਮਾਨ ਦਿੱਤਾ ਜਾ ਰਿਹਾ ਹੈ। ਚਾਰ ਮੈਂਬਰੀ ਟੀਮ ‘ਚ ਸ਼ਾਮਲ ਸ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਕੁਲ 12 ਟਨ ਜ਼ਰੂਰੀ ਵਸਤਾਂ ਵੰਡੀਆਂ ਜਾ ਚੁੱਕੀਆਂ ਹਨ ਜਿਹਨਾਂ ‘ਚ ਆਟਾ , ਦਾਲਾਂ , ਚੌਲ , ਦੁੱਧ ਆਦਿ ਸ਼ਾਮਲ ਹਨ। ਵੱਖ-ਵੱਖ ਖੇਤਰੀ ਇਲਾਕਿਆਂ ਸਮੇਤ ਵੈਸਟਰਨ ਆਸਟਰੇਲੀਆ ਦੇ ਦੂਰ ਦੁਰਾਡੇ ਸ਼ਹਿਰਾਂ ‘ਚ ਸਾਹਿਬ ਟਰਾਂਸਪੋਰਟ ਦੇ ਸਹਿਯੋਗ ਨਾਲ ਰਸਦ ਪਹੁੰਚਾਈ ਗਈ ਹੈ ਜਦਕਿ ਸ਼ੈਪਰਟਨ ‘ਚ ਜਸਪ੍ਰੀਤ ਸਿੰਘ ਵਿਰਕ ਦੀ ਦੇਖ ਰੇਖ ਹੇਠ ਸੇਵਾਵਾਂ ਚੱਲ ਰਹੀਆਂ ਹਨ।
ਇਸੇ ਤਰ੍ਹਾਂ ਰਾਜਧਾਨੀ ਕੈਨਬਰਾ ਨੇੜਲੇ ਬੇਗਾ ਖੇਤਰ ‘ਚ ਮੂਲਵਾਸੀਆਂ ਦੀ ਮੰਗ ਉੱਤੇ ਵਿਸ਼ੇਸ਼ ਟੀਮਾਂ ਨੇ ਰਸਦ ਪਹੁੰਚਦੀ ਕੀਤੀ ਹੈ ਇੱਥੇ ਜੰਗਲਾਂ ਦੀ ਅੱਗ ਮਗਰੋਂ ਸਥਾਨਿਕ ਨਿਵਾਸੀਆਂ ਤੱਕ ਅੱਪੜੀ ਖਾਲਸਾ ਏਡ ਤੱਕ ਹੁਣ ਵੀ ਲੋਕਾਂ ਨੇ ਪਹੁੰਚ ਕੀਤੀ ਸੀ।
ਤਸਮਾਨੀਆ ‘ਚ ਇੰਟਰਨੈਂਸ਼ਨਲ ਸਿੱਖ ਸਟੂਡੈਂਟਸ ਕੌਂਸਲ ਦੇ ਵਲੰਟੀਅਰ ਖਾਲਸਾ ਏਡ ਨਾਲ ਮਿਲ ਕੇ ਮੁੱਖ ਸ਼ਹਿਰਾਂ ਹੌਬਾਰਟ ਅਤੇ ਲੌਂਨਸੈਸਟਨ ‘ਚ ਕਾਰਜ਼ਸ਼ੀਲ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ‘ਚ ਸਥਾਨਕ ਸੰਗਤ ਜਿਸ ‘ਚ ਆਸਟਰੇਲੀਅਨ ਭਾਈਚਾਰਾ ਸ਼ਾਮਿਲ ਹੈ ਜੋ ਕਿ ਵੱਡੀ ਪੱਧਰ ਤੇ ਰਸਦ ਪਹੁੰਚਾ ਰਹੀ ਹੈ ਅਤੇ ਲੋੜੀਂਦੀ ਵਿੱਤੀ ਮਦਦ ਲੰਡਨ ਸਥਿਤ ਕੇਂਦਰੀ ਦਫ਼ਤਰ ‘ਚੋਂ ਹੋ ਰਹੀ ਹੈ। ਇਸ ਟੀਮ ‘ਚ ਬੀਬੀਆਂ ਵੱਲ੍ਹੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਹਾਇਤਾ ਫਿਲਹਾਲ 16 ਜੁਲਾਈ ਤੱਕ ਚਲਾਈ ਜਾ ਰਹੀ ਜਦਕਿ ਲੋੜ ਮੁਤਾਬਿਕ ਮਦਦ ਜਾਰੀ ਰੱਖੀ ਜਾਵੇਗੀ ਸਥਾਨਕ ਪੱਧਰ ‘ਤੇ ਮਿਲਡੁਰਾ ਤੋਂ ਉੱਘੇ ਕਿਸਾਨ ਕੰਵਲਜੀਤ ਸਿੰਘ ਗਰੇਵਾਲ, ਸਿੰਘ ਸਵੀਟਸ ਟਰੁਗਨੀਨਾ ਤੋਂ ਗੁਰਪ੍ਰੀਤ ਸਿੰਘ, ਬੇਕ ਪਲੇਸ ਡੀਅਰ ਪਾਰਕ ਤੋਂ ਜਗਦੀਪ ਸਿੰਘ, ਸਾਹਿਬ ਟਰਾਂਸਪੋਰਟ ਤੋਂ ਗੁਰਪ੍ਰੀਤ ਸਿੰਘ ਸੰਘਾ ਵੱਲ੍ਹੋ ਖਾਲਸਾ ਏਡ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਸੰਸਥਾ ਦੀ ਮੁਲਕ ਪੱਧਰੀ ਟੀਮ ‘ਚ ਵਿਕਟੋਰੀਆ ਤੋਂ ਹਰਪ੍ਰੀਤ ਸਿੰਘ, ਸਾਊਥ ਆਸਟਰੇਲੀਆ ਤੋਂ ਗੁਰਿੰਦਰਜੀਤ ਸਿੰਘ ਜੱਸੜ, ਵੈਸਟਰਨ ਆਸਟਰੇਲੀਆ ‘ਚ ਦਲਵਿੰਦਰ ਸਿੰਘ, ਨਿਊ ਸਾਊਥ ਵੇਲਜ਼ ਤੋਂ ਸੁਖਜੀਤ ਸਿੰਘ ਸ਼ਾਮਲ ਹਨ ਜੋ ਸਹਿਯੋਗੀ ਟੀਮਾਂ ਨਾਲ ਕਾਰਜਸ਼ੀਲ ਹਨ।