ਸਿੱਖ ਖਬਰਾਂ

ਪੰਥ ਸਵੇਕ ਸਖਸ਼ੀਅਤਾਂ ਵੱਲੋਂ ਨਵੰਬਰ 1984 ਦੇ 40 ਸਾਲਾਂ ਤੇ ਸਮਾਗਮ; ਨਵੀਂ ਕਿਤਾਬ ਜਾਰੀ

November 3, 2024 | By

ਲੁਧਿਆਣਾ (੨ ਨਵੰਬਰ ੨੦੨੪): ਨਵੰਬਰ ੧੯੮੪ ਵਿੱਚ ਇੰਡੀਆ ਭਰ ਵਿੱਚ ਵਾਪਰੀ ਸਿੱਖ ਨਸਲਕੁਸ਼ੀ ਦੀ ੪੦ਵੀਂ ਵਰੇਗੰਢ ਮੌਕੇ ਅੱਜ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਇੱਕ ਗੁਰਮਤਿ ਸਮਾਗਮ ਗੁਰਦੁਆਰਾ ਥੜਾ ਸਾਹਿਬ, ਇਆਲੀ ਕਲਾਂ, ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਜਾ ਰਹੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ” ਨਾਮੀ ਪੁਸਤਕ ਲੜੀ ਤਹਿਤ ਦੂਜੀ ਕਿਤਾਬ ਜਾਰੀ ਕੀਤੀ ਗਈ। ਇਹ ਕਿਤਾਬ ਨੌਜਵਾਨ ਸਿੱਖ ਲੇਖਕਾਂ ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ ਵੱਲੋਂ ਲਿਖੀ ਗਈ ਹੈ। 

ਅੱਜ ਦੇ ਸਮਾਗਮ ਦੀ ਸ਼ੁਰੂਆਤ ਮੌਕੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਦੇ ਪਰਿਵਾਰ ਵੱਲੋਂ ਘੱਲੂਘਾਰਾ ਜੂਨ ੧੯੮੪ ਅਤੇ ਸਿੱਖ ਨਸਲਕੁਸ਼ੀ ੧੯੮੪ ਦੀ ਯਾਦ ਵਿੱਚ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ। 

ਪੰਥ ਸੇਵਕ ਭਾਈ ਸਤਨਾਮ ਸਿੰਘ ਖੰਡੇਵਾਲਾ | Bhai Satnam Singh Khandewala (Panth Sewak)

ਪੰਥ ਸੇਵਕ ਭਾਈ ਸਤਨਾਮ ਸਿੰਘ ਖੰਡੇਵਾਲਾ ਸਮਾਗਮ ਦੌਰਾਨ ਮੰਚ ਸੰਚਾਲਨ ਕਰਦੇ ਹੋਏ

ਇਸ ਯਾਦਗਾਰੀ ਗੁਰਮਤਿ ਸਮਾਗਮ ਦੌਰਾਨ ਮੰਚ ਸੰਚਾਲਨ ਕਰਦਿਆਂ ਪੰਥ ਸੇਵਕ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਇੰਡੀਅਨ ਸਟੇਟ ਨੇ ਜੂਨ ਅਤੇ ਨਵੰਬਰ ੧੯੮੪ ਦੇ ਘੱਲੂਘਾਰੇ ਤੇ ਨਸਲਕੁਸ਼ੀ ਦੀ ਹਕੀਕਤ ਨੂੰ ਦਬਾਉਣ ਲਈ ਬੀਤੇ ੪੦ ਸਾਲਾਂ ਦੌਰਾਨ ਬਹੁਤ ਝੂਠੇ ਬਿਰਤਾਂਤ ਸਿਰਜੇ ਅਤੇ ਹਰ ਹੀਲੇ ਹਕੀਕਤ ਤੋਂ ਮੁਨਕਰ ਹੋਣ ਦਾ ਯਤਨ ਕੀਤਾ ਹੈ ਪਰ ਇਹ ਸ਼ਹੀਦਾਂ ਦੇ ਡੁੱਲੇ ਪਵਿੱਤਰ ਖੂਨ ਅਤੇ ਗੁਰੂ ਸਾਹਿਬ ਵੱਲੋਂ ਵਰਤਾਈ ਜਾ ਰਹੀ ਕਲਾ ਦਾ ਹੀ ਨਤੀਜਾ ਹੈ ਕਿ ਅੱਜ ਦਿੱਲੀ ਦਰਬਾਰ ਵੱਲੋਂ ਸਿੱਖਾਂ ਵਿਰੁਧ ਕੀਤੇ ਗਏ, ਤੇ ਕੀਤੇ ਜਾ ਰਹੇ, ਜ਼ੁਰਮ ਸੰਸਾਰ ਸਾਹਮਣੇ ਨਸ਼ਰ ਹੋ ਰਹੇ ਹਨ। ਇੰਡੀਅਨ ਸਟੇਟ ਵੱਲੋਂ ਵਿਦੇਸ਼ੀ ਦਖਲ-ਅੰਦਾਜ਼ੀ ਅਤੇ ਵਿਦੇਸ਼ਾਂ ਵਿਚ ਸਿੱਖਾਂ ਵਿਰੁਧ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਕਰਨ ਦੀਆਂ ਕਨੇਡਾ ਤੇ ਅਮਰੀਕਾ ਵਿਚ ਬੇਪਰਦ ਹੋਈਆਂ ਕਾਰਵਾਈਆਂ ਇਸ ਦੀ ਪਰਤੱਖ ਮਿਸਾਲ ਹਨ। 

ਗੁਰਜੰਟ ਸਿੰਘ ਬੱਲ (ਲੇਖਕ: ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਅਤੇ ਸਿਰਫ ਦਿੱਲੀ ਨਹੀਂ) | Gurjant Singh Bal author

ਗੁਰਜੰਟ ਸਿੰਘ ਬੱਲ (ਲੇਖਕ: ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਅਤੇ ਸਿਰਫ ਦਿੱਲੀ ਨਹੀਂ)

ਤਕਰੀਬਨ ਪੰਜ ਸਾਲ ਦਾ ਸਮਾਂ ਲਗਾ ਕੇ ਇੰਡੀਆ ਭਰ ਵਿੱਚੋਂ ਸਿੱਖ ਨਸਲਕੁਸ਼ੀ ਦੇ ਤੱਥ ਇਕੱਤਰ ਕਰਨ ਵਾਲੇ ਨੌਜਵਾਨ ਖੋਜੀ ਤੇ ਲੇਖਕ ਗੁਰਜੰਟ ਸਿੰਘ ਬੱਲ ਨੇ ਕਿਹਾ ਕਿ ਨਵੰਬਰ ੧੯੮੪ ਵਿੱਚ ਭਾਰਤ ਦੇ ੨੧ ਸੂਬਿਆਂ ਤੇ ੩੦੦ ਦੇ ਕਰੀਬ ਸ਼ਹਿਰਾਂ-ਕਸਬਿਆਂ ਵਿੱਚ ਸਿੱਖਾਂ ਨੂੰ ਨਸਲਕੁਸ਼ੀ ਦੀ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸੀ। ਉਨਾ ਦੱਸਿਆ ਕਿ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਕਿਤਾਬ ਦੇ ਪਹਿਲੇ ਭਾਗ ਵਿੱਚ ਦੱਖਣ ਦੇ ਛੇ ਸੂਬਿਆਂ ਵਿੱਚੋਂ ਇਕੱਤਰ ਕੀਤੇ ਵੇਰਵੇ ਸ਼ਾਮਿਲ ਕੀਤੇ ਗਏ ਸਨ ਅਤੇ ਅੱਜ ਜਾਰੀ ਹੋਈ ਦੂਸਰੀ ਕਿਤਾਬ ਵਿੱਚ ਪੂਰਬੀ ਭਾਰਤ ਦੇ ਛੇ ਸੂਬਿਆਂ ਵਿੱਚੋਂ ਸਿੱਖ ਨਸਲਕੁਸ਼ੀ ਦੇ ਇਕੱਤਰ ਕੀਤੇ ਵੇਰਵੇ ਸ਼ਾਮਿਲ ਕੀਤੇ ਗਏ ਹਨ। 

ਡਾ. ਸਿਕੰਦਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) | Dr. Sikandar Singh (Sri Guru Granth Sahib World University, Fatehgarh Sahib)

ਡਾ. ਸਿਕੰਦਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ)

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਵੀ ਭਾਈਚਾਰੇ ਲਈ ਇਹ ਬਹੁਤ ਜਰੂਰੀ ਹੁੰਦਾ ਹੈ ਕਿ ਉਸ ਨਾਲ ਵਾਪਰੇ ਮਹਾਂਘਟਨਾਕ੍ਰਮਾਂ ਜਿਵੇਂ ਕਿ ਘੱਲੂਘਾਰਿਆਂ ਅਤੇ ਨਸਲਕੁਸ਼ੀਆਂ ਨੂੰ ਯਾਦ ਰੱਖਿਆ ਜਾਵੇ।

ਪੰਥ ਸੇਵਕ ਭਾਈ ਨਰਾਇਣ ਸਿੰਘ | Panth Sewak Bhai Narien Singh

ਭਾਈ ਨਰਾਇਣ ਸਿੰਘ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਜਾਰੀ ਕੀਤਾ ਗਿਆ ਸਾਂਝਾ ਬਿਆਨ ਪੜ੍ਹ ਕੇ ਸੁਣਾਉਂਦੇ ਹੋਏ

ਇਸ ਮੌਕੇ ਪੰਥ ਸੇਵਕ ਸ਼ਖਸ਼ੀਅਤਾਂ ਵੱਲੋਂ ਜਾਰੀ ਕੀਤਾ ਗਿਆ ਇੱਕ ਸਾਂਝਾ ਬਿਆਨ ਪੰਥ ਸੇਵਕ ਭਾਈ ਨਾਰਾਇਣ ਸਿੰਘ ਨੇ ਪੜ੍ਹ ਕੇ ਸੁਣਾਇਆ। ਉਹਨਾਂ ਕਿਹਾ ਕਿ ਅੱਜ ਜਦੋਂ ਕੌਮਾਂਤਰੀ ਤਾਕਤਾਂ ਸਿੱਖਾਂ ਨਾਲ ਜੁੜੇ ਮਸਲਿਆਂ ਉੱਤੇ ਸਰਗਰਮ ਹਨ ਤਾਂ ਸਿੱਖਾਂ ਨੂੰ ਆਪਣਾ ਪੱਖ ਕੌਮਾਂਤਰੀ ਪੱਧਰ ਉੱਤੇ ਮਜਬੂਤੀ ਨਾਲ ਰੱਖਦਿਆਂ ਇੰਡੀਆ ਵੱਲੋਂ ਸਿੱਖਾਂ ਦੀ ਆਜ਼ਾਦੀ ਦੇ ਵਿਚਾਰ ਦੇ ਵਿਰੁਧ ਕੀਤੇ ਜਾ ਰਹੇ ਭੰਡੀ ਪਰਚਾਰ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।

Second Part of Book identifying footprints of Sikh genocide 1984 released Sikh Nanalkushi Da Khura Khoj Part 2

ਪੰਥ ਸੇਵਕ ਸਖਸ਼ੀਅਤਾਂ ਅਤੇ ਹੋਰ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ ਜਾਰੀ ਕਰਦੇ ਹੋਏ

ਇਸ ਸਮਾਗਮ ਦੌਰਾਨ ਪੰਥ ਸੇਵਕ ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਸਿੱਖ ਜਥਾ ਮਾਲਵਾ, ਪੰਥ ਸੇਵਕ ਜਥਾ ਮਾਝਾ, ਬਿਬੇਕਗੜ੍ਹ ਪ੍ਰਕਾਸ਼ਨ, ਲੱਖੀ ਜੰਗਲ ਖਾਲਸਾ ਜਥਾ, ਸਿੱਖ ਯੂਥ ਪਾਵਰ ਆਫ ਪੰਜਾਬ, ਨਿਸਾਣ ਪ੍ਰਕਾਸ਼ਨ, ਪੰਥ ਸੇਵਕ ਜਥਾ ਦੋਆਬਾ, ਅਦਾਰਾ ਸਿੱਖ ਸ਼ਹਾਦਤ, ਖਬਰ ਅਦਾਰਾ ਸਿੱਖ ਸਿਆਸਤ ਦੇ ਨੁਮਾਇੰਦਿਆਂ, ਕੌਰਨਾਮਾ ਕਿਤਾਬ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਪਰਦੀਪ ਸਿੰਘ ਇਆਲੀ, ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਪਲਵਿੰਦਰ ਸਿੰਘ ਤਲਵਾੜਾ ਨੇ ਵੀ ਹਾਜ਼ਰੀ ਭਰੀ।

ਸਿੱਖ ਨਸਲਕੁਸ਼ੀ ਦਾ ਖੁਰਾ ਖੋਜ (ਭਾਗ ੧ ਅਤੇ ੨) ਤੁਸੀਂ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ। ਕਿਤਾਬਾਂ ਮੰਗਵਾਉਣ ਲਈ ਉੱਪਰ ਦਿੱਤੇ ਵਟਸਐਪ ਨੰਬਰ ਉੱਤੇ ਸੰਪਰਕ ਕਰੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।