ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੀ ਮੁੜ ਤੋਂ ਜਾਂਚ ਕਰਨ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਚੇਅਰਮੈਨ ਅਨੁਰਾਗ ਨੂੰ ਤਲਬ ਕਰਕੇ ਇਹ ਸਫ਼ਾਈ ਦੇਣ ਲਈ ਕਿਹਾ ਹੈ ਕਿ ਉਨ੍ਹਾਂ ਇਕ ਕੇਸ ਦੀ ਅੱਗੇ ਜਾਂਚ ਕਿਵੇਂ ਆਰੰਭੀ ਜਦਕਿ ਉਨ੍ਹਾਂ ਨੂੰ ਸਿਰਫ਼ ਤੱਥਾਂ ਦੀ ਘੋਖ ਕਰਨ ਲਈ ਕਿਹਾ ਗਿਆ ਸੀ। ਵਧੀਕ ਚੀਫ਼ ਮੈਟਰੋਪੌਲਿਟਨ ਮੈਜਿਸਟਰੇਟ ਅਜੇ ਸਿੰਘ ਸ਼ੇਖਾਵਤ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਵੱਲੋਂ ਦਾਖ਼ਲ ਜਵਾਬ ਸੰਤੁਸ਼ਟ ਕਰਨ ਵਾਲਾ ਨਹੀਂ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ।
ਸਿਟ ਦਾ ਚੇਅਰਮੈਨ ਆਈਪੀਐਸ ਅਧਿਕਾਰੀ ਅਨੁਰਾਗ ਹੈ ਅਤੇ ਰਾਕੇਸ਼ ਕਪੂਰ (ਸੇਵਾਮੁਕਤ ਜ਼ਿਲ੍ਹਾ ਜੱਜ) ਅਤੇ ਕੁਮਾਰ ਗਿਆਨੇਸ਼ (ਵਧੀਕ ਡੀਸੀਪੀ) ਇਸ ਦੇ ਮੈਂਬਰ ਹਨ। ਅਦਾਲਤ ਵੱਲੋਂ ਇਹ ਹੁਕਮ 1984 ਦੇ ਸਿੱਖ ਕਤਲੇਆਮ ਦੇ ਕੇਸ ’ਚ ਸੁਣਾਇਆ ਗਿਆ ਹੈ ਜਿਸ ਤਹਿਤ ਸਿਟ ਨੇ ਮਾਮਲਾ ਬੰਦ ਕਰਨ ਦੀ ਰਿਪੋਰਟ ਇਸ ਆਧਾਰ ’ਤੇ ਦਿੱਤੀ ਸੀ ਕਿ ਜਾਂਚ ਦੌਰਾਨ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਨਹੀਂ ਮਿਲਿਆ। ਇਹ ਕੇਸ 3 ਨਵੰਬਰ 1984 ਦਾ ਹੈ ਜਦੋਂ 300-400 ਹਿੰਦੂਆਂ ਨੇ ਪੱਛਮੀ ਦਿੱਲੀ ਦੇ ਆਨੰਦ ਪਰਬਤ ਫੈਕਟਰੀ ਏਰੀਆ ’ਚ 50 ਵਰ੍ਹਿਆਂ ਦੇ ਸਿੱਖ ਅਜੈਬ ਸਿੰਘ ’ਤੇ ਪਥਰਾਅ ਕੀਤਾ ਸੀ। ਜਿਸ ਨਾਲ ਉਸਦੀ ਮੌਤ ਹੋ ਗਈ ਸੀ। ਪਟੇਲ ਨਗਰ ਪੁਲਿਸ ਸਟੇਸ਼ਨ ’ਚ ਇਸ ਸਬੰਧੀ ਕੇਸ ਦਰਜ ਹੈ।